ਜੰਮੂ-ਕਸ਼ਮੀਰ ਦੇ ਬਿਹਤਰ ਭਵਿੱਖ ਲਈ ਕੰਮ ਕਰ ਰਹੇ ਹਨ 77 ਮੰਤਰੀ

TeamGlobalPunjab
8 Min Read

-ਰਾਜੀਵ ਚੰਦਰਸ਼ੇਖਰ;

ਮੈਂ ਸਤੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਪਹਿਲੀ ਵਾਰ ਜੰਮੂ–ਕਸ਼ਮੀਰ ਦੀ ਯਾਤਰਾ ‘ਤੇ ਗਿਆ। ਪਿਛਲੇ ਕੁਝ ਸਾਲਾਂ ਦੌਰਾਨ ਮੈਂ ਦੇਸ਼ ਦੇ ਨਾਲ–ਨਾਲ ਕਈ ਹੋਰਨਾਂ ਦੇਸ਼ਾਂ ਦੀ ਯਾਤਰਾ ਕੀਤੀ ਹੈ ਪਰ ਕਦੇ ਜੰਮੂ–ਕਸ਼ਮੀਰ ਨਹੀਂ ਜਾ ਸਕਿਆ ਸਾਂ। ਇਹ ਦੁਖਦਾਈ ਪਰ ਸਚਾਈ ਹੈ।

ਜੇ ਮੈਂ ਸੱਚ ਆਖਾਂ ਤਾਂ ਇੱਕ ਟੈਕਨੋਲੋਜੀ ਤੇ ਹੁਨਰ ਵਿਕਾਸ ਮੰਤਰੀ ਵਜੋਂ ਮੈਨੂੰ ਕੁਝ ਖ਼ਦਸ਼ਾ ਸੀ ਜਾਂ ਇਹ ਆਖ ਲਵੋ ਕਿ ਜਿਵੇਂ ਕੁਝ ਲੋਕ ਜੰਮੂ–ਕਸ਼ਮੀਰ ‘ਚ ਅਣਮਿੱਥੇ ਸਮੇਂ ਤੋਂ ਚਲੀ ਆ ਰਹੀ ਬੇਚੈਨੀ ਦੇ ਚਲਦਿਆਂ ਕੁਝ ਸ਼ੰਕੇ ਸਨ।

ਮੈਂ ਹੁਣ ਜੰਮੂ ਤੇ ਕਸ਼ਮੀਰ ਦੇ ਸ੍ਰੀਨਗਰ, ਬੜਗਾਮ, ਬਾਰਾਮੂਲਾ ਜ਼ਿਲ੍ਹਿਆਂ ਦਾ ਦੌਰਾ ਕੀਤਾ। ਸਾਡੇ ਪ੍ਰਧਾਨ ਮੰਤਰੀ ਦੀਆਂ ਆਸਾਂ ਅਨੁਸਾਰ ਮੇਰਾ ਪ੍ਰੋਗਰਾਮ ਆਮ ਲੋਕਾਂ ਨੂੰ ਮਿਲ ਕੇ ਉਨ੍ਹਾਂ ਨਾਲ ਗੱਲਬਾਤ ਕਰਨਾ ਤੇ ਬੇਸ਼ੱਕ ਅਜਿਹੇ ਕੁਝ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਾ ਸੀ, ਜੋ ਕੋਵਿਡ ਦੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਪੂਰੇ ਕੀਤੇ ਗਏ ਸਨ।

- Advertisement -

ਉੱਥੇ ਜਾ ਕੇ ਮੈਂ ਸਭ ਤੋਂ ਪਹਿਲਾਂ ਜੋ ਕੁਝ ਮੇਰੇ ਦੌਰੇ ਮੌਕੇ ਮੇਰੇ ਨਾਲ ਰਹੇ ਜੰਮੂ–ਕਸ਼ਮੀਰ ਪੁਲਿਸ ਦੇ ਇੱਕ ਅਧਿਕਾਰੀ ਤੋਂ ਸੁਣਿਆ, ਲਗਭਗ ਉਹੀ ਗੱਲਾਂ ਮੈਂ ਆਪਣੀ ਇਸ ਸਾਰੀ ਫੇਰੀ ਦੌਰਾਨ ਸੁਣੀਆਂ। ਆਪਣੀ ਯਾਤਰਾ ਦੀ ਸ਼ੁਰੂਆਤ ਦੌਰਾਨ ਉਸ ਨੇ ਗੱਲਬਾਤ ਦੌਰਾਨ ਦੱਸਿਆ, ‘ਸਾਰੇ ਰਾਜ ਦੇ ਬੱਚੇ ਜਾਣਦੇ ਹਨ ਕਿ ਪਿਛਲੇ 30 ਸਾਲਾਂ ਦੌਰਾਨ ਸਰਹੱਦ ਪਾਰ ਦੇ ਆਤੰਕ ਤੇ ਮਿਲੀਟੈਂਸੀ ਨੇ ਸਾਨੂੰ ਬਹੁਤ ਪਿਛਾਂਹ ਧੱਕ ਦਿੱਤਾ ਹੈ ਅਤੇ ਉਹ ਵੀ ਬਾਕੀ ਦੇ ਭਾਰਤ ਤੇ ਦੁਨੀਆ ਵਾਂਗ ਇੱਕ ਬਿਹਤਰ ਜ਼ਿੰਦਗੀ ਚਾਹੁੰਦੇ ਹਨ।’

ਮੈਂ ਚਰਾਰ-ਏ-ਸ਼ਰੀਫ਼ ਦੇ ਇੱਕ ਨਵੇਂ ਸਬ–ਡਿਵੀਜ਼ਨ ਹਸਪਤਾਲ ‘ਚ ਗਿਆ ਅਤੇ ਨੌਜਵਾਨ ਕਸ਼ਮੀਰੀਆਂ, ਉੱਦਮੀਆਂ, ਕਿਸਾਨਾਂ, ਸਰਪੰਚਾਂ ਤੇ ਕਬਾਇਲੀ ਭਾਈਚਾਰਿਆਂ ਦੇ ਮੈਂਬਰਾਂ ਅਤੇ ਇਨ੍ਹਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਨ੍ਹਾਂ ਸਾਰੀਆਂ ਬੈਠਕਾਂ ‘ਚ ਹੋਈ ਗੱਲਬਾਤ, ਰੱਖੀਆਂ ਮੰਗਾਂ ਤੇ ਬੇਨਤੀਆਂ – ਸਭ ਵਰਤਮਾਨ ਤੇ ਭਵਿੱਖ ਬਾਰੇ ਹੀ ਸਨ। ਉਨ੍ਹਾਂ ਅਜਾਈਂ ਜਾ ਚੁੱਕੇ ਸਾਲਾਂ ਵੱਲ ਕੋਈ ਨਹੀਂ ਸੀ ਵੇਖ ਰਿਹਾ; ਜੇ ਸਭ ਨੂੰ ਚਿੰਤਾ ਤੇ ਅਫ਼ਸੋਸ ਸੀ, ਤਾਂ ਸਿਰਫ਼ ਹੱਥੋਂ ਜਾ ਚੁੱਕੇ ਮੌਕਿਆਂ ਦਾ ਹੀ ਸੀ। ਬੜਗਾਮ, ਬਾਰਾਮੂਲਾ ਤੇ ਸ੍ਰੀਨਗਰ ‘ਚ ਮੈਂ ਨੌਜਵਾਨ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਕੀਤੀ ਕਿ ਉਨ੍ਹਾਂ ਨੂੰ ਆਪਣੇ ਹੁਨਰ ਵਧਾਉਣ ਦੇ ਮੌਕਿਆਂ ਜਾਂ ਰੋਜ਼ਗਾਰ ਦੇ ਮੌਕਿਆਂ ‘ਚ ਕਿਵੇਂ ਸੁਧਾਰ ਕਰਨਾ ਚਾਹੀਦਾ ਹੈ। ਚਰਾਰ-ਏ-ਸ਼ਰੀਫ਼ ਦਾ ਸਬ-ਡਿਵੀਜ਼ਨ ਹਸਪਤਾਲ ਇੱਕ ਉੱਚ–ਮਿਆਰੀ ਕੇਂਦਰ ਹੈ, ਜਿੱਥੇ ਹਰ ਤਰ੍ਹਾਂ ਦੀਆਂ ਆਧੁਨਿਕ ਸੁਵਿਧਾਵਾਂ ਮੌਜੂਦ ਹਨ ਅਤੇ ਉੱਥੇ ਸੱਚਮੁਚ ਸਕਾਰਾਤਮਕ ਸੋਚ ਵਾਲਾ ਸਟਾਫ਼ ਹੈ ਅਤੇ ਕਰਮਚਾਰੀਆਂ ਦੀ ਇੱਕ ਸਮਰੱਥ ਟੀਮ ਹੈ। ਦੂਰ–ਦੁਰਾਡੇ ਦੇ ਪਿੰਡਾਂ ਦੇ ਆਮ ਨਿਵਾਸੀਆਂ ਨੂੰ ਹੁਣ ਵਧੇਰੇ ਦੂਰੀ ‘ਤੇ ਸਥਿਤ ਜ਼ਿਲ੍ਹਾ ਹਸਪਤਾਲ ‘ਚ ਜਾਣ ਦੀ ਲੋੜ ਨਹੀਂ ਪੈਂਦੀ।

ਬੜਗਾਮ ਡਿਗਰੀ ਕਾਲਜ ‘ਚ ਹੋਈ ਇੱਕ ਬੈਠਕ ਦੌਰਾਨ ਪੌਲੀਟੈਕਨੀਕ ਕਾਲਜ ਦੀਆਂ ਬੇਹੱਦ ਸੰਤੁਲਿਤ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਨੌਜਵਾਨ ਮਹਿਲਾਵਾਂ ਨੇ ਮੇਰੇ ਨਾਲ ਗੱਲਬਾਤ ਦੌਰਾਨ ਆਖਿਆ – ‘ਸਾਨੂੰ ਸਾਡੇ ਪੌਲੀਟੈਕਨੀਕ ਕਾਲਜਾਂ ‘ਚ ਨਵੇਂ ਕੋਰਸ ਚਾਹੀਦੇ ਹਨ, ਸਾਨੂੰ ਮਕੈਨੀਕਲ ਤੇ ਸਿਵਲ ਡਿਪਲੋਮਿਆਂ ਦੀ ਥਾਂ ਇਲੈਕਟ੍ਰੌਨਿਕਸ ਤੇ ਕੰਪਿਊਟਰ ਕੋਰਸ ਚਾਹੀਦੇ ਹਨ।’ ਆਈਟੀਆਈ ਬੜਗਾਮ, ਜਿਸ ਨੂੰ ਚੋਟੀ ਦੀਆਂ ਆਈਟੀਆਈਜ਼ ‘ਚ ਸ਼ੁਮਾਰ ਕੀਤਾ ਜਾ ਸਕਦਾ ਹੈ ਅਤੇ ਜਿੱਥੇ ਆਟੋਮੋਟਿਵ ਮੇਂਟੇਨੈਂਸ ਦੀ ਸਿਖਲਾਈ ਦੀ ਸ਼ਾਨਦਾਰ ਸੁਵਿਧਾ ਹੈ; ਉੱਥੇ ਮੈਂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਤੇ ਉਨ੍ਹਾਂ ‘ਚੋਂ ਜ਼ਿਆਦਾਤਰ ਨੌਜਵਾਨ ਕੁੜੀਆਂ ਹੀ ਸਨ। ਸਾਡੇ ਵਿਚਾਰ–ਵਟਾਂਦਰਿਆਂ ਤੇ ਆਈਆਂ ਬੇਨਤੀਆਂ ਵਿੱਚ ਜ਼ਿਲ੍ਹੇ ਅੰਦਰ ਆਟੋਮੋਬਾਈਲ ਦੇ ਸਹਾਇਕ ਉਦਯੋਗ ਸਥਾਪਿਤ ਕਰਨ ਦੀ ਹੀ ਗੱਲ ਕੀਤੀ ਗਈ ਸੀ, ਤਾਂ ਜੋ ਸਿਖਲਾਈ ਦੌਰਾਨ ਉੱਥੇ ਰੋਜ਼ਗਾਰ ਮਿਲ ਸਕੇ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 50,000 ਕਰੋੜ ਰੁਪਏ ਦੇ ਨਿਵੇਸ਼ ਬਾਰੇ ਕੀਤੇ ਗਏ ਐਲਾਨ ਬਾਰੇ ਜਾਣਨ ਦੀ ਇੱਛਾ ਵੀ ਦੇਖੀ ਗਈ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਹੁਣ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕੁਝ ਵੱਖਰਾ ਹੋਣ ਜਾ ਰਿਹਾ ਹੈ ਕਿਉਂਕਿ ਨਰੇਂਦਰ ਮੋਦੀ ਸਰਕਾਰਾਂ ਦਾ ਇਹ ਰਿਕਾਰਡ ਰਿਹਾ ਹੈ ਕਿ 3-ਟੀਅਰ ਪ੍ਰਣਾਲੀ ਰਾਹੀਂ ਆਰਥਿਕ ਗਤੀਵਿਧੀਆਂ ਦਾ ਪਾਸਾਰ ਹੋਵੇਗਾ ਤੇ/ਜਾਂ ਸਿੱਧਾ ਆਮ ਜਨਤਾ ਤੱਕ ਪਹੁੰਚ ਵਧੇਗੀ।

ਮੈਂ ਜਦੋਂ ਰੋਜ਼ਗਾਰ ਦੇ ਗੇਟਵੇਅ ਵਜੋਂ ਹੁਨਰਮੰਦੀ ਅਤੇ ਉਸ ਨਾਲ ਰੋਜ਼ਗਾਰ ਦੇ ਮਜ਼ਬੂਤ ਸਬੰਧਾਂ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਦੇ ਤੱਥ ਸਾਂਝੇ ਕੀਤੇ, ਤਾਂ ਵਿਦਿਆਰਥੀਆਂ ਵਿੱਚ ਸੱਚਮੁਚ ਉਤਸ਼ਾਹ ਦੇਖਣ ਨੂੰ ਮਿਲਿਆ। ਹੋਰਨਾਂ ਰਾਜਾਂ ਵਾਂਗ, ਇੱਥੇ ਨੌਜਵਾਨ ਆਈਟੀ ਉਦਯੋਗ ਦੇ ਵਿਕਾਸ ਨਾਲ ਜੁੜਨਾ ਚਾਹੁੰਦੇ ਹਨ ਕਿਉਂਕਿ ਉਹ ਬਾਕੀ ਭਾਰਤ ‘ਚ ਚੁਪਾਸੇ ਹੋ ਰਹੀ ਤਰੱਕੀ ਬਾਰੇ ਪੜ੍ਹਦੇ ਤੇ ਸੁਣਦੇ ਹਨ।

ਮੈਂ ਬੜਗਾਮ ਤੇ ਬਾਰਾਮੂਲਾ ਦੇ ਦੋ ਰਵਾਇਤੀ ਹੁਨਰ ਸਮੂਹਾਂ (ਸਕਿੱਲ ਕਲਸਟਰਸ) ਦਾ ਵੀ ਦੌਰਾ ਕੀਤਾ, ਜਿੱਥੋਂ ਦੇ ਉੱਦਮੀ ਬਰਾਮਦਾਂ ਲਈ ਗਲੀਚੇ, ਪੇਪਰ ਮੈਸ਼ ਤੇ ਗਾਰਮੈਂਟਸ ਤਿਆਰ ਕਰਨ ਵਾਸਤੇ ਸਥਾਨਕ ਕਾਰੀਗਰਾਂ ਨੂੰ ਵਰਤਦੇ ਹਨ। ਪਿਛਲੇ ਕਈ ਸਾਲਾਂ ਦੌਰਾਨ ਅਜਿਹੇ ਹੁਨਰਾਂ ਤੇ ਕਾਰੀਗਰਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਜੰਮੂ-ਕਸ਼ਮੀਰ ਤੋਂ ਅਜਿਹੇ ਖ਼ੂਬਸੂਰਤ ਉੱਦਮਾਂ ਦੀਆਂ ਬਰਾਮਦਾਂ ਇਸ ਵੇਲੇ 600 ਕਰੋੜ ਰੁਪਏ ਤੋਂ ਵੀ ਵੱਧ ਹਨ ਅਤੇ ਪੂਰੀ ਦੁਨੀਆਂ ‘ਚ ਇਨ੍ਹਾਂ ਦੀ ਮੰਗ 10 ਤੋਂ 15 ਗੁਣਾ ਵੱਧ ਹੈ; ਜਿਸ ਦੀ ਲਗਭਗ 25 ਤੋਂ 30 ਲੱਖ ਕਾਰੀਗਰਾਂ ਦੇ ਰੋਜ਼ਗਾਰ ਲਈ ਮਹੱਤਤਾ ਹੈ। ਰਵਾਇਤੀ ਹੁਨਰਾਂ ਨਾਲ ਜੁੜੇ ਉਦਯੋਗ ਬਾਰੇ ਪ੍ਰਧਾਨ ਮੰਤਰੀ ਦੀ ਦੂਰ-ਦ੍ਰਿਸ਼ਟੀ ਅਨੁਸਾਰ ਮੈਂ ਸੰਕਲਪ ਲਿਆ ਕਿ ਅਸੀਂ ਇਨ੍ਹਾਂ ਕਲਸਟਰਸ, ਉਨ੍ਹਾਂ ਦੇ ਕਾਰੋਬਾਰਾਂ ਅਤੇ ਕਾਰੀਗਰਾਂ ਦੇ ਹੁਨਰ ਵਧਾਉਣ ‘ਚ ਮਦਦ ਕਰਾਂਗੇ, ਤਾਂ ਜੋ ਇਹ ਕਾਰੋਬਾਰ ਵਿਕਸਿਤ ਹੋਣ।

- Advertisement -

ਉੱਥੇ ਹੋਈ ਕਿਸੇ ਵੀ ਮੀਟਿੰਗ ਦੌਰਾਨ ਕਿਸੇ ਨੇ ਸੁਰੱਖਿਆ ਜਾਂ ਦਹਿਸ਼ਤ ਪ੍ਰਤੀ ਕਿਸੇ ਨੇ ਕੋਈ ਚਿੰਤਾ ਪ੍ਰਗਟ ਨਹੀਂ ਕੀਤੀ। ਮੇਰੇ ਲਈ ਇਹ ਤਜਰਬਾ ਬਹੁਤ ਹੀ ਵਰਨਣਯੋਗ ਸੀ। ‘ਖ਼ਤਰਨਾਕ’ ਲਾਲ ਚੌਕ ‘ਤੇ ਡਾਢੀ ਚਹਿਲ–ਪਹਿਲ ਸੀ ਤੇ ਹਰ ਸ਼ਾਮ ਨੂੰ ਉੱਥੇ ਤਿਰੰਗਾ ਲਹਿਰਾਉਂਦਾ ਵੇਖਿਆ ਜਾ ਸਕਦਾ ਸੀ।

ਮੇਰਾ ਮੰਨਣਾ ਹੈ ਕਿ ਇੱਕ ਸਿਆਸੀ ਆਗੂ ਆਮ ਲੋਕਾਂ ਦੇ ਦਿਲਾਂ ਤੇ ਮਨਾਂ ‘ਚ ਆਸਾਂ ਤੇ ਉਦੇਸ਼ ਪੈਦਾ ਕਰਨ ਲਈ ਇਸ ਤੋਂ ਵਧੀਆ ਹੋਰ ਕੋਈ ਕਦਮ ਨਹੀਂ ਚੁੱਕ ਸਕਦਾ। ਉਸ ਪੱਖੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ‘ਚ ਪਿਛਲੇ 75 ਸਾਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹਾਲਾਤ ਬਦਲ ਕੇ ਰੱਖ ਦਿੱਤੇ ਹਨ। ਜੰਮੂ-ਕਸ਼ਮੀਰ ਪ੍ਰਸ਼ਾਸਨ, ਪੁਲਿਸ ਤੇ ਸੁਰੱਖਿਆ ਬਲ ਸਾਡੀ ਜਨਤਾ ਨੂੰ ਸੁਰੱਖਿਅਤ ਰੱਖਣ ਲਈ 24 ਘੰਟੇ ਬਹੁਤ ਜ਼ਿਆਦਾ ਉੱਦਮ ਕਰ ਰਹੇ ਹਨ, ਸੇਵਾ ‘ਚ ਲੱਗੇ ਹੋਏ ਹਨ ਅਤੇ ਬਲੀਦਾਨ ਦੇ ਰਹੇ ਹਨ। ਅਜਿਹੇ ਵੇਲੇ ਜਦੋਂ ਸਾਡੇ ਗੁਆਂਢੀ ਦੇਸ਼ਾਂ ਤੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਦਮਨਕਾਰੀ ਸ਼ਾਸਨਾਂ ਕਾਰਣ ਔਰਤਾਂ ਅਤੇ ਨੌਜਵਾਨਾਂ ਨੂੰ ਸੰਘਰਸ਼ ਕਰਨੇ ਪੈ ਰਹੇ ਹਨ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਸਾਡੇ ਨੌਜਵਾਨਾਂ ਨੂੰ ਦ੍ਰਿੜ੍ਹਤਾਪੂਰਬਕ ਵੱਧ ਤੋਂ ਵੱਧ ਸੁਫ਼ਨੇ ਵੇਖਣ ਤੇ ਇੱਛਾਵਾਂ ਰੱਖਣ ਦੇ ਯੋਗ ਬਣਾ ਰਹੀ ਹੈ – ਸਮੁੱਚੇ ਦੇਸ਼ ਦੇ ਨੌਜਵਾਨਾਂ ਲਈ ਸਰਕਾਰਾਂ ਦੀ ਭੂਮਿਕਾ ਨੂੰ ਆਸ ਤੇ ਆਕਾਂਖਿਆ ਦੇ ਚਾਨਣ–ਮੁਨਾਰੇ ਵਜੋਂ ਰੱਖਿਆ ਗਿਆ ਹੈ ਕਿਉਂਕਿ ਭਾਰਤ ਆਪਣੀ ਆਜ਼ਾਦੀ ਦੇ 100ਵੇਂ ਵਰ੍ਹੇ ਵੱਲ ਵਧਣ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ।

ਮੈਂ ਆਪਣੇ ਇਸ ਦੌਰੇ ਦਾ ਖ਼ੂਬ ਆਨੰਦ ਮਾਣਿਆ – ਹੁਣ ਤੱਕ ਸਮੁੱਚੇ ਜੰਮੂ-ਕਸ਼ਮੀਰ ਰਾਜ ਦੀ ਕਿਸਮਤ ਤਿੰਨ ਜਗੀਰੂ ਕਿਸਮ ਦੇ ਪਰਿਵਾਰਾਂ ਤੇ ਸ਼ਾਇਦ ਇੱਕ ਕੇਂਦਰੀ ਮੰਤਰੀ ਦੇ ਹੱਥ ਹੀ ਰਹਿੰਦੀ ਰਹੀ ਹੈ। ਹੁਣ ਨਰੇਂਦਰ ਮੋਦੀ ਸ਼ਾਸਨ ਦੀ ਪੂਰੀ ਤਾਕਤ ਅਤੇ 77 ਮੰਤਰੀਆਂ ਦੀ ਟੀਮ ਜੰਮੂ-ਕਸ਼ਮੀਰ ਦੇ ਸਮੂਹ ਲੋਕਾਂ ਦੇ ਬਿਹਤਰ ਭਵਿੱਖ ਲਈ ਬਿਲਕੁਲ ਉਵੇਂ ਹੀ ਕੰਮ ਕਰ ਰਹੀ ਹੈ, ਜਿਵੇਂ ਕਿ ‘ਨਿਊ-ਇੰਡੀਆ’ ਨੂੰ ਅੱਗੇ ਵਧਾਉਣ ਲਈ ਕਦੇ ਵੀ ਨਾ ਰੁਕ ਸਕਣ ਵਾਲੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਦੇ ਵਿਚਾਰ ਰਾਹੀਂ ਸਮੁੱਚੇ ਭਾਰਤ ਵਿੱਚ ਹੋ ਰਿਹਾ ਹੈ।

(ਲੇਖਕ ਭਾਰਤ ਸਰਕਾਰ ਦੇ ਇਲੈਕਟ੍ਰੋਨਿਕ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਰਾਜ ਮੰਤਰੀ ਹਨ।)
=

Share this Article
Leave a comment