ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਪੰਜਵੀਂ ਵਾਰ ਧਮਕੀ ਮਿਲੀ ਹੈ। ਇਹ ਧਮਕੀ ਭਰੀ ਈਮੇਲ ਹਰਿਆਣਾ ਦੇ ਫਰੀਦਾਬਾਦ ਵਾਸੀ, 24 ਸਾਲਾ ਸੌਫਟਵੇਅਰ ਇੰਜਨੀਅਰ, ਸ਼ੁਭਮ ਦੁਬੇ ਵੱਲੋਂ ਭੇਜੀ ਗਈ ਹੋਣ ਦੀ ਸ਼ੱਕ ਹੇਠ ਪੁਲੀਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਜਾਣਕਾਰੀ ਦਿੱਤੀ।
SGPC ਦੇ ਮੁੱਖ ਸੱਚਿਵ ਕੁਲਵੰਤ ਸਿੰਘ ਮਨਨ ਨੇ ਦੱਸਿਆ ਕਿ ਧਮਕੀ ਭਰੀ ਈਮੇਲ, ਸ਼ੁਭਮ ਦੀ ਗ੍ਰਿਫਤਾਰੀ ਤੋਂ ਬਾਅਦ ਦੁਬਾਰਾ ਆਈ। ਪੁਲੀਸ ਕਮਿਸ਼ਨਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਪੁਲੀਸ ਅਧਿਕਾਰੀਆਂ ਅਨੁਸਾਰ, ਇਹ ਈਮੇਲ ਸਿਰਫ਼ ਹਰਿਮੰਦਰ ਸਾਹਿਬ ਲਈ ਨਹੀਂ ਸਗੋਂ ਦਿੱਲੀ ਦੇ ਸਕੂਲਾਂ, ਕੋਰਟਾਂ, ਮੁੱਖ ਮੰਤਰੀਆਂ, ਸਾਂਸਦਾਂ ਅਤੇ ਤਮਿਲਨਾਡੂ ਦੀਆਂ ਸੰਸਥਾਵਾਂ ਨੂੰ ਵੀ ਭੇਜੀਆਂ ਗਈਆਂ। ਸੰਭਾਵਨਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਨਾਮ ਦਾ ਉਪਯੋਗ ਕਰਕੇ ਤਮਿਲਨਾਡੂ ਦੇ ਮਸਲਿਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਿਨ੍ਹਾਂ ਈਮੇਲਾਂ ਵਿੱਚ ਧਮਕੀ ਦਿੱਤੀ ਗਈ, ਉਨ੍ਹਾਂ ਵਿੱਚ ਪਹਿਲੀਆਂ ਲਾਈਨਾਂ ਹਰਿਮੰਦਰ ਸਾਹਿਬ ਬਾਰੇ ਹਨ, ਪਰ ਬਾਅਦ ਵਿੱਚ ਤਮਿਲਨਾਡੂ ਅਤੇ DMK ਨਾਲ ਜੁੜੀਆਂ ਘਟਨਾਵਾਂ ਦਾ ਵੀ ਜ਼ਿਕਰ ਹੈ। ਕਈ ਈਮੇਲ ਪਹਿਲਾਂ ਤਮਿਲਨਾਡੂ ‘ਚ ਵੀ ਸਰਕੂਲੇਟ ਹੋ ਚੁੱਕੀਆਂ ਹਨ।
14 ਜੁਲਾਈ ਤੋਂ ਲੈ ਕੇ ਹੁਣ ਤੱਕ SGPC ਨੂੰ 6 ਧਮਕੀ ਭਰੀ ਈਮੇਲਾਂ ਮਿਲ ਚੁੱਕੀਆਂ ਹਨ, ਜਿਨ੍ਹਾਂ ਵਿੱਚ RDX ਨਾਲ ਗੁਰੂ ਘਰ ਨੂੰ ਉਡਾਉਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਅੰਮ੍ਰਿਤਸਰ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਪੁਲੀਸ ਕਮਿਸ਼ਨਰ ਨੇ ਕਿਹਾ ਕਿ ਸ਼ੁਭਮ ਦੁਬੇ ਪਹਿਲਾਂ ਦੋ ਕੰਪਨੀਆਂ ‘ਚ ਕੰਮ ਕਰ ਚੁੱਕਾ ਹੈ ਪਰ ਹੁਣ ਬੇਰੁਜ਼ਗਾਰ ਹੈ। ਉਸ ਵੱਲੋਂ ਈਮੇਲ ਭੇਜਣ ਲਈ ਡਾਰਕ ਵੈੱਬ ਦਾ ਵਰਤੋਂ ਕੀਤਾ ਗਿਆ ਅਤੇ ਇਹ ਈਮੇਲ ਵੱਖ-ਵੱਖ ਆਈਪੀ ਐਡਰੈੱਸ ਤੋਂ ਆਏ ਹਨ। ਅਜਿਹੀਆਂ ਈਮੇਲਾਂ ਹੋਰ ਵੀ ਕਈ ਸੂਬਿਆਂ ਨੂੰ ਭੇਜੀਆਂ ਗਈਆਂ ਹਨ।
ਹੁਣ ਜਾਂਚ ਏਜੰਸੀਆਂ ਇਹ ਲੱਗਾਤਾਰ ਜਾਂਚ ਰਹੀਆਂ ਹਨ ਕਿ ਕੀ ਇਹ ਇੱਕ ਇਕੱਲਾ ਇਨਸਾਨ ਹੈ ਜਾਂ ਇਸ ਦੇ ਪਿੱਛੇ ਕੋਈ ਵੱਡਾ ਸੰਗਠਨ ਜਾਂ ਸਾਜਿਸ਼ ਹੈ।