ਅੰਮ੍ਰਿਤਸਰ: ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਵੱਡੀ ਕਾਰਵਾਈ ਕਰਦਿਆਂ ਇੱਕ ਮਹਿਲਾ ਸਮੇਤ ਤਿੰਨ ਯਾਤਰੀਆਂ ਨੂੰ ਕਰੀਬ 1 ਕਰੋੜ ਰੁਪਏ ਮੁੱਲ ਦੇ ਸੋਨੇ ਨਾਲ ਕਾਬੂ ਕੀਤਾ ਹੈ। ਇਹ ਯਾਤਰੀ ਸੋਨੇ ਨੂੰ ਵੱਖ-ਵੱਖ ਤਰੀਕਿਆਂ ਨਾਲ ਲੁਕਾ ਕੇ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਬਰਾਮਦ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਤਿੰਨਾਂ ਖ਼ਿਲਾਫ਼ ਸੀਮਾ ਸ਼ੁਲਕ ਐਕਟ 1962 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਤਿੰਨ ਵੱਖ-ਵੱਖ ਕਾਰਵਾਈਆਂ ਵਿੱਚ ਬਰਾਮਦ ਹੋਇਆ ਸੋਨਾ
ਪਹਿਲੇ ਮਾਮਲੇ ਵਿੱਚ ਸ਼ਾਰਜਾਹ ਤੋਂ ਆਈ ਫਲਾਈਟ 6E1428 ਦੇ ਇੱਕ ਯਾਤਰੀ ‘ਤੇ ਸ਼ੱਕ ਹੋਣ ‘ਤੇ ਉਸ ਦੀ ਜਾਂਚ ਕੀਤੀ ਗਈ। ਐਕਸ-ਰੇ ਅਤੇ ਨਿੱਜੀ ਤਲਾਸ਼ੀ ਦੌਰਾਨ ਜੁੱਤਿਆਂ ਵਿੱਚ ਪੇਸਟ ਦੇ ਰੂਪ ਵਿੱਚ ਲੁਕਾਇਆ ਗਿਆ ਸੋਨਾ ਮਿਲਿਆ। ਇਸ ਵਿੱਚੋਂ 150.04 ਗ੍ਰਾਮ ਖ਼ਾਲਿਸ ਸੋਨਾ ਬਰਾਮਦ ਹੋਇਆ, ਜਿਸ ਦੀ ਕੀਮਤ ਲਗਭਗ 22.05 ਲੱਖ ਰੁਪਏ ਦੱਸੀ ਗਈ।
ਦੂਜੇ ਮਾਮਲੇ ਵਿੱਚ ਸ਼ਾਰਜਾਹ ਤੋਂ ਹੀ ਫਲਾਈਟ IX-138 ਰਾਹੀਂ ਆਈ ਇੱਕ ਮਹਿਲਾ ਯਾਤਰੀ ਕੋਲੋਂ ਪੇਸਟ ਦੇ ਰੂਪ ਵਿੱਚ ਲੁਕਾਇਆ ਗਿਆ ਸੋਨਾ ਬਰਾਮਦ ਕੀਤਾ ਗਿਆ। ਜਾਂਚ ਤੋਂ ਬਾਅਦ ਇਸ ਦਾ ਵਜ਼ਨ 90.21 ਗ੍ਰਾਮ ਨਿਕਲਿਆ, ਜਿਸ ਦੀ ਕੀਮਤ ਕਰੀਬ 13.26 ਲੱਖ ਰੁਪਏ ਅੰਕੀ ਗਈ।
ਕੜਿਆਂ ਅਤੇ ਚੇਨ ਵਿੱਚ ਲੁਕਾ ਕੇ ਲਿਆਂਦਾ ਸੋਨਾ
ਤੀਜੇ ਮਾਮਲੇ ਵਿੱਚ ਮੈਲਬੋਰਨ ਤੋਂ ਕੁਆਲਾਲੰਪੁਰ ਰਾਹੀਂ ਫਲਾਈਟ MH-118 ਨਾਲ ਪਹੁੰਚੇ ਇੱਕ ਯਾਤਰੀ ਕੋਲੋਂ 24 ਕੈਰਟ ਸੋਨੇ ਦੇ ਦੋ ਕੜੇ ਅਤੇ ਇੱਕ ਚੇਨ ਬਰਾਮਦ ਕੀਤੇ ਗਏ। ਬਰਾਮਦ ਸੋਨੇ ਦਾ ਕੁੱਲ ਵਜ਼ਨ 484 ਗ੍ਰਾਮ ਸੀ, ਜਿਸ ਦੀ ਕੀਮਤ ਲਗਭਗ 70.66 ਲੱਖ ਰੁਪਏ ਦੱਸੀ ਗਈ ਹੈ।
ਅੰਤਰਰਾਸ਼ਟਰੀ ਤਸਕਰੀ ਗਿਰੋਹ ਦੀ ਜਾਂਚ ਸ਼ੁਰੂ
ਕਸਟਮ ਅਤੇ DRI ਅਧਿਕਾਰੀਆਂ ਨੇ ਦੱਸਿਆ ਕਿ UAE ਦੇ ਸ਼ਾਰਜਾਹ ਅਤੇ ਦੁਬਈ ਵਿੱਚ ਸੋਨਾ ਭਾਰਤ ਦੇ ਮੁਕਾਬਲੇ ਸਸਤਾ ਮਿਲਦਾ ਹੈ। ਭਾਰਤ ਵਿੱਚ ਉੱਚੀ ਇੰਪੋਰਟ ਡਿਊਟੀ ਅਤੇ ਹੋਰ ਟੈਕਸਾਂ ਕਾਰਨ ਕੀਮਤ ਵੱਧ ਜਾਂਦੀ ਹੈ। ਇਸੇ ਕੀਮਤੀ ਫਰਕ ਦਾ ਫਾਇਦਾ ਚੁੱਕਣ ਲਈ ਤਸਕਰ ਯਾਤਰੀਆਂ ਰਾਹੀਂ ਸੋਨਾ ਭਾਰਤ ਭੇਜਦੇ ਹਨ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਨ੍ਹਾਂ ਮਾਮਲਿਆਂ ਦੇ ਪਿੱਛੇ ਕੋਈ ਅੰਤਰਰਾਸ਼ਟਰੀ ਗੋਲਡ ਸਮੱਗਲਿੰਗ ਗਿਰੋਹ ਸਰਗਰਮ ਹੈ।

