ਟੀਚਿਆਂ ਨੂੰ ਦਿਓ ਜ਼ਿੰਦਗੀ ’ਚ ਅਹਿਮ ਸਥਾਨ, ਬਿਨਾਂ ਉਦੇਸ਼ ਤੋਂ ਜ਼ਿੰਦਗੀ ਦਿਸ਼ਾਹੀਣ

TeamGlobalPunjab
3 Min Read

ਨਿਊਜ਼ ਡੈਸਕ – ਜ਼ਿੰਦਗੀ ਜਿਊਣ ਦਾ ਇਕ ਉਦੇਸ਼ ਹੁੰਦਾ ਹੈ। ਬਿਨਾਂ ਉਦੇਸ਼ ਤੋਂ ਜ਼ਿੰਦਗੀ ਦਿਸ਼ਾਹੀਣ ਹੁੰਦੀ ਹੈ। ਜਿਵੇਂ ਹਵਾਈ ਜਹਾਜ਼ ਨੂੰ ਸਹੀ ਦਿਸ਼ਾ ਦੇ ਕੇ ਪਾਇਲਟ ਮੁਸਾਫ਼ਰ ਨੂੰ ਮੰਜ਼ਿਲ ਤਕ ਪਹੁੰਚਾਉਂਦਾ ਹੈ, ਉਸੇ ਤਰ੍ਹਾਂ ਸਾਡੇ ਵੱਲੋਂ ਨਿਰਧਾਰਤ ਟੀਚੇ ਹੀ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਬਿਨਾਂ ਟੀਚਿਆਂ ਤੋਂ ਜ਼ਿੰਦਗੀ ’ਚ ਖੜੋਤ ਆ ਜਾਂਦੀ ਹੈ। ਜ਼ਿੰਦਗੀ ਬੇਸੁਆਦੀ ਤੇ ਅਰਥਹੀਣ ਜਾਪਣ ਲੱਗ ਪੈਂਦੀ ਹੈ। ਬਿਨਾਂ ਉਦੇਸ਼ ਤੋਂ ਜ਼ਿੰਦਗੀ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਹਨੇਰੇ  ’ਚ ਟੱਕਰਾਂ ਮਾਰਨੀਆਂ ਜਾਂ ਇੰਝ ਕਹਿ ਲਵੋ ਕਿ ਬਿਨਾਂ ਸੋਚੇ-ਸਮਝੇ ਹਵਾ  ’ਚ ਤੀਰ ਛੱਡਣੇ। ਨਤੀਜਾ ਇਹ ਨਿਕਲਦਾ ਹੈ ਕਿ ਅਸੀਂ ਖ਼ਾਲੀ ਰਹਿ ਜਾਂਦੇ ਹਾਂ। ਬਿਨਾਂ ਉਦੇਸ਼ ਤੋਂ ਕੀਤੇ ਯਤਨ ਫਲ ਰਹਿਤ ਬਣ ਕੇ ਰਹਿ ਜਾਂਦੇ ਹਨ । ਇਸ ਲਈ ਜ਼ਰੂਰੀ ਹੈ ਕਿ ਜ਼ਿੰਦਗੀ ’ਚ ਕੋਈ ਨਾ ਕੋਈ ਟੀਚਾ ਜ਼ਰੂਰ ਹੋਣਾ ਚਾਹੀਦਾ ਹੈ।

ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ ਤਾਂ ਕਈ ਵਿਅਕਤੀ ਸੰਕਲਪ ਲੈਂਦੇ ਹਨ ਜਾਂ ਦੂਜੇ ਸ਼ਬਦਾਂ ’ਚ ਜੇ ਇਹ ਕਹਿ ਲਈਏ ਕਿ ਉਹ ਟੀਚੇ ਮਿੱਥਦੇ ਹਨ ਤਾਂ ਗ਼ਲਤ ਨਹੀਂ ਹੋਵੇਗਾ। ਟੀਚੇ ਪੂਰੇ ਹੋਣ ਜਾਂ ਨਾ, ਇਹ ਤਾਂ ਬਾਅਦ ਦੀ ਗੱਲ ਹੈ ਪਰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ।

ਦ੍ਰਿੜਤਾ, ਸੰਜੀਦਗੀ, ਲਗਨ, ਮਿਹਨਤ ਤੇ ਵਿਸ਼ਵਾਸ ਅਜਿਹੇ ਕਾਰਕ ਹਨ, ਜਿਨ੍ਹਾਂ ਨਾਲ ਵੱਡੇ ਤੋਂ ਵੱਡਾ ਟੀਚਾ ਵੀ ਪੂਰਾ ਕੀਤਾ ਜਾ ਸਕਦਾ ਹੈ। ਵਿਦਿਆਰਥੀ ਜੀਵਨ ’ਚ ਟੀਚਿਆਂ ਦੀ ਬਹੁਤ ਮਹੱਤਤਾ ਹੈ। ਨਵਾਂ ਸਾਲ ਸ਼ੁਰੂ ਹੋਣ ਤੋਂ ਦੋ ਤਿੰਨ ਮਹੀਨਿਆਂ ਬਾਅਦ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੁੰਦੀਆਂ ਹਨ। ਮੈਰਿਟ  ’ਚ ਆਉਣ ਵਾਲੇ ਬੱਚਿਆਂ ਦਾ ਆਪਣਾ ਟੀਚਾ ਹੁੰਦਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨਾ ਕੋਈ ਸੁਖਾਲਾ ਕੰਮ ਨਹੀਂ ਹੁੰਦਾ। ਇਸ ਲਈ ਦਿਨ-ਰਾਤ ਇਕ ਕਰਨਾ ਪੈਂਦਾ ਹੈ। ਖਿੱਲਰੇ ਹੋਏ ਧਿਆਨ ਨੂੰ ਇਕ ਜਗ੍ਹਾ ਇਕੱਠਾ ਕਰ ਕੇ ਸਿਰਫ਼ ਆਪਣੇ ਟੀਚੇ ਸਬੰਧੀ ਹੀ ਸੋਚਣਾ ਪੈਂਦਾ ਹੈ। ਸੁਖ ਆਰਾਮ ਤਿਆਗਣਾ ਪੈਂਦਾ ਹੈ।

 ਸਾਡੇ ਮਿਸ਼ਨ  ’ਚ ਸਾਡੀ ਸੁਹਿਰਦਤਾ ਤੇ ਕਾਰਜ ਨੂੰ ਨੇਪਰੇ ਚਾੜ੍ਹਨ ਦਾ ਸੰਕਲਪ ਇਕ ਦਿਨ ਜ਼ਰੂਰ ਟੀਚਿਆਂ ਨੂੰ ਹਾਸਿਲ ਕਰਨ ਲਈ ਮੀਲ ਪੱਥਰ ਸਾਬਿਤ ਹੋਵੇਗਾ।

- Advertisement -

ਉਹ ਇਨਸਾਨ ਨਿਰੰਤਰ ਯਤਨਸ਼ੀਲ ਰਹਿੰਦੇ ਹਨ, ਜਿਨ੍ਹਾਂ ਅੰਦਰ ਆਪਣੇ ਟੀਚੇ ਨੂੰ ਪਾਉਣ ਦਾ ਇਰਾਦਾ ਹੁੰਦਾ ਹੈ। ਟੀਚਾ ਜਿੱਥੇ ਸਾਨੂੰ ਅੱਗੇ ਜਾਣ ਲਈ ਹਲੂਣਦਾ ਹੈ, ਉੱਥੇ ਸਾਡੀ ਭਟਕਣ ਨੂੰ ਵੀ ਖ਼ਤਮ ਕਰਦਾ ਹੈ। ਅਸੀਂ ਇੱਧਰ-ਉਧਰ ਘੁੰਮਣ ਦੀ ਬਜਾਏ ਅਰਜਨ ਵਾਂਗ ਇਕ ਨਿਸ਼ਾਨੇ ’ਤੇ ਕੇਂਦਰਿਤ ਹੋ ਜਾਂਦੇ ਹਾਂ। ਟੀਚੇ ਸਚਮੁੱਚ ਸਾਡੇ ਸੁਪਨਿਆਂ ਦੇ ਸੰਸਾਰ ਨੂੰ ਉਸਾਰਨ  ’ਚ ਸਹਾਈ ਹੁੰਦੇ ਹਨ । ਅਸੀਂ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਇਕਾਗਰ ਚਿੱਤ ਹੋ ਜਾਂਦੇ ਹਾਂ। ਇਹੀ ਇਕਾਗਰਤਾ ਟੀਚੇ ਨੂੰ ਹਾਸਿਲ ਕਰਨ ਦਾ ਸਬੱਬ ਬਣਦੀ ਹੈ। ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜੇ ਤੁਹਾਡੀ ਇੱਛਾ ਪ੍ਰਬਲ ਹੈ ਤਾਂ ਕੋਈ ਤਾਕਤ ਨਹੀਂ ਜੋ ਤੁਹਾਨੂੰ ਸਫਲ ਹੋਣ ਤੋਂ ਰੋਕ ਸਕੇ।

TAGGED: , ,
Share this Article
Leave a comment