ਅੰਮ੍ਰਿਤਪਾਲ ਸਿੰਘ ਖਿਲਾਫ਼ ਕੂੜ ਪ੍ਰਚਾਰ ਕਰਨ ਵਾਲੇ ਕਰ ਰਹੇ ਪੰਜਾਬ ਦਾ ਮਾਹੌਲ ਖਰਾਬ : ਜਥੇਦਾਰ ਪੰਜੋਲੀ

Global Team
3 Min Read

ਪਟਿਆਲਾ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪੱਖ ’ਚ ਖੜਦਿਆਂ ਕਿਹਾ ਕਿ ਆਪ, ਭਾਜਪਾ ਅਤੇ ਕਾਂਗਰਸ ਦੇ ਆਗੂ ਅੰਮ੍ਰਿਤਪਾਲ ਨੂੰ ਲੈ ਕੇ ਬੇਲੋੜਾ ਕੂੜ ਪ੍ਰਚਾਰ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ’ਤੇ ਲੱਗੇ ਹੋਏ ਹਨ, ਜਦਕਿ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਸਿਰਫ ਅੰਮ੍ਰਿਤਪਾਲ ਸੰਚਾਰ ਦੀ ਲਹਿਰ ਨੂੰ ਹੀ ਉਤਸ਼ਾਹਤ ਕਰ ਰਹੇ ਹਨ। ਜਥੇਦਾਰ ਪੰਜੋਲੀ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੁੰਦੀ ਹੋਵੇ ਇਸ ਕਰਕੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸਰਕਾਰ ਨੂੰ ਡੂੰਘਾਈ ਨਾਲ ਛਾਣਬੀਣ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਅਜਿਹਾ ਕੁਝ ਵੀ ਨਹੀਂ ਆਖਿਆ ਜਾ ਰਿਹਾ ਹੈ, ਜਿਸ ਨਾਲ ਦੇਸ਼ ਜਾਂ ਭਾਈਚਾਰਕ ਟੁੱਟਦੀ ਵਿਖਾਈ ਦਿੰਦੀ ਹੋਵੇ।
ਜਥੇਦਾਰ ਪੰਜੋਲੀ ਨੇ ਸਿਆਸੀ ਵਿਅਕਤੀਆਂ ਦੇ ਨਾਂ ਲੈਂਦਿਆਂ ਆਖਿਆ ਰਵਨੀਤ ਬਿੱਟੂ, ਮਨਜਿੰਦਰਜੀਤ ਸਿੰਘ ਬਿੱਟੂ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੁਝ ਆਗੂ ਸਿਰਫ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਭੜਕਾਊ ਬਿਆਨਬਾਜ਼ੀ ਕਰਕੇ ਮਾਹੌਲ ਖਰਾਬ ਕਰਨ ’ਤੇ ਤੁਲੇ ਹੋਏ ਹਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਜਾਬ ਦੇ ਸਾਹਮਣੇ ਪਹਿਲਾਂ ਹੀ ਵੱਡੀਆਂ ਚੁਣੌਤੀਆਂ ਹਨ ਇਸ ਕਰਕੇ ਲੋਕਾਂ ਦੇ ਚੁਣੇ ਨੁਮਾਇੰਦੇ ਅਤੇ ਸੱਤਾ ਹਾਸਲ ਕਰਨ ਵਾਲੀ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰਨ ਵੱਲ ਧਿਆਨ ਦੇਵੇ ਨਾ ਕਿ ਅੰਮ੍ਰਿਤਪਾਲ ਸਿੰਘ ਖਿਲਾਫ਼ ਕੂੜ ਪ੍ਰਚਾਰ ਕਰਕੇ ਲੋਕਾਂ ਦਾ ਧਿਆਨ ਨਾ ਭਟਕਾਵੇ। ਉਨ੍ਹਾਂ ਅੰਮ੍ਰਿਤਪਾਲ ਨੂੰ ਅਪੀਲ ਕੀਤੀ ਕਿ ਜਿਹੜਾ ਨਿਸ਼ਾਨਾ ਲੈ ਕੇ ਉਹ ਚੱਲੇ ਹੋਏ ਹਨ ਉਸ ਨੂੰ ਜਾਰੀ ਰੱਖਦੇ ਹੋਏ ਅੰਮ੍ਰਿਤਧਾਰੀ ਸਿੰਘ ਸਜਾਉਣਾ ਅਤੇ ਪਤਿਤਪੁਣੇ ਨੂੰ ਠੱਲ ਪਾਉਣ ਵਾਲੇ ਕਦਮ ਨੂੰ ਅੱਗੇ ਵਧਾਵੇ ਅਤੇ ਅੰਮ੍ਰਿਤ ਸੰਚਾਰ ਲਹਿਰ ਨੂੰ ਪ੍ਰਚੰਡ ਰੂਪ ਵਿਚ ਚਲਾਵੇ ਅਤੇ ਇਸ ਲਹਿਰ ਵਿਚ ਸ਼੍ਰੋਮਣੀ ਕਮੇਟੀ ਆਪਣਾ ਵੱਡਾ ਸਹਿਯੋਗ ਵੀ ਕਰੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਇਲਾਵਾ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੀਆਂ ਹਨ, ਜਿਨ੍ਹਾਂ ਦੀ ਸਹੂਲਤ ਲਈ ਭਾਰਤ ਸਰਕਾਰ ਨੂੰ ਸੌਖੀ ਵੀਜ਼ਾ ਪ੍ਰਣਾਲੀ ਨੂੰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਸੁਖਾਵੇਂ ਬਣਾਉਣ ਲਈ ਕੇਂਦਰ ਸਰਕਾਰ ਨੂੰ ਯੋਗ ਅਤੇ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਜਿਥੇ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣਗੀਆਂ, ਉਥੇ ਹੀ ਵਪਾਰਕ ਸਾਂਝ ਵੀ ਬਹਾਲ ਹੋਵੇਗੀ।

Share This Article
Leave a Comment