ਵਾਸ਼ਿੰਗਟਨ : ਅਫਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਲਗਾਤਾਰ ਛੇਵੇਂ ਦਿਨ ਵੀ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਉਥੇ ਹੀ ਜਾਰਜ ਦੀ ਪੋਸਟਮਾਰਟਮ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਜਾਰਜ ਕਿਸੇ ਬਿਮਾਰੀ ਤੋਂ ਪੀੜਤ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਰਜ ਦੀ ਮੌਤ ਗਰਦਨ ਅਤੇ ਪਿੱਠ ‘ਤੇ ਪਏ ਦਬਾਅ ਕਾਰਨ ਉਸ ਦਾ ਦਮ ਘੁਟਣ ਕਾਰਨ ਹੋਈ ਹੈ।
ਇਹ ਦਾਅਵਾ ਜਾਰਜ ਦੇ ਵਕੀਲ ਦੁਆਰਾ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਤਿਆਰ ਕਰਨ ਵਾਲੇ ਇੱਕ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਫਲਾਇਡ ਦੇ ਦਿਮਾਗ ‘ਚ ਖੂਨ ਦੀ ਕਮੀ ਹੋ ਗਈ ਸੀ ਅਤੇ ਗਰਦਨ ਅਤੇ ਪਿੱਠ ‘ਤੇ ਦਬਾਅ ਦੇ ਕਾਰਨ ਜਾਰਜ ਨੂੰ ਸਾਹ ਲੈਣ ‘ਚ ਮੁਸ਼ਕਲ ਹੋ ਰਹੀ ਸੀ। ਦੱਸ ਦੇਈਏ ਕਿ ਇਹ ਰਿਪੋਰਟ ਉਸ ਅਧਿਕਾਰਤ ਰਿਪੋਰਟ ਤੋਂ ਵੱਖਰੀ ਹੈ ਜੋ ਕਿ ਸਬੰਧਤ ਪੁਲਿਸ ਅਧਿਕਾਰੀ ਖਿਲਾਫ ਮਾਮਲਾ ਦਰਜ ਕਰਨ ਦੇ ਦੌਰਾਨ ਬਣਾਈ ਗਈ ਸੀ। ਕਿਉਂਕਿ ਪਹਿਲੀ ਰਿਪੋਰਟਾਂ ਵਿੱਚ ਜਾਰਜ ਦੀ ਮੌਤ ਦਾ ਕਾਰਨ ਨਸ਼ੇ ਅਤੇ ਹੋਰ ਸਿਹਤ ਸਮੱਸਿਆਵਾਂ ਨੂੰ ਦੱਸਿਆ ਗਿਆ ਸੀ।
ਦੱਸ ਦੇਈਏ ਕਿ ਬੀਤੇ ਦਿਨ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਦੇ 200 ਸਾਲ ਪੁਰਾਣੇ ਚਰਚ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ਸਮੇਤ 40 ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਰਾਸ਼ਟਰਪਤੀ ਟਰੰਪ ਪ੍ਰਸਾਸ਼ਨ ਨੇ ਸਾਰੇ ਪ੍ਰਭਾਵਿਤ ਸ਼ਹਿਰਾਂ ਦੇ ਰਾਜਪਾਲਾਂ ਨੂੰ ਦੰਗਾਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ।