ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਲਖੀਮਪੁਰ ਖੀਰੀ ‘ਚ ਹਿੰਸਾ ਦਾ ਸ਼ਿਕਾਰ ਹੋਏ ਕਿਸਾਨ ਪਰਿਵਾਰਾਂ ਨਾਲ ਕੀਤੀ ਮੁਲਾਕਾਤ

TeamGlobalPunjab
1 Min Read

ਲਖਨਊ: ਕਾਫੀ ਜੱਦੋ ਜਹਿਦ ਦੇ ਬਾਅਦ ਆਖਿਰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਅੱਜ ਲਖੀਮਪੁਰ ਖੀਰੀ ਵਿਚ ਹਿੰਸਾ ਦਾ ਸ਼ਿਕਾਰ ਹੋਏ ਕਿਸਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਹਾਦਸੇ ਵਿਚ 19 ਸਾਲਾ ਕਿਸਾਨ ਲਵਪ੍ਰੀਤ ਸਿੰਘ ਵੀ ਸ਼ਹੀਦ ਹੋ ਗਿਆ ਸੀ। ਰਾਹੁਲ ਤੇ ਪ੍ਰਿਯੰਕਾ ਰਾਤ ਨੌਂ ਵਜੇ ਦੇ ਕਰੀਬ ਪਾਲੀਆ ਦੇ ਚੌਖੜਾ ਫਾਰਮ ਵਿੱਚ ਪੀੜਤ ਕਿਸਾਨ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ। ਇਸ ਮੌਕੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਪਰਿਵਾਰ ਨੂੰ ਨਿਆਂ ਦਿਵਾਉਣ ਦੇ ਸੰਘਰਸ਼ ਵਿਚ ਪੂਰਾ ਸਾਥ ਦੇਣ ਦਾ ਵੀ ਭਰੋਸਾ ਦਿਵਾਇਆ ਤੇ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ, ਇਹ ਸਤਿਆਗ੍ਰਹਿ ਚੱਲਦਾ ਰਹੇਗਾ।

ਲਖੀਮਪੁਰ ਖੀਰੀ ਪਹੁੰਚਣ ਤੋਂ ਪਹਿਲਾਂ  ਉਹ ਰਸਤੇ ਵਿੱਚ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨੂੰ ਵੀ ਮਿਲੇ। ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਕਾਂਗਰਸੀ ਆਗੂਆਂ ਦੀ ਇਸ ਫੇਰੀ ਦੌਰਾਨ ਸੀਤਾਪੁਰ ਤੋਂ ਲਖੀਮਪੁਰ ਖੀਰੀ ਸੜਕ ’ਤੇ ਥਾਂ ਥਾਂ ਬੈਰੀਕੇਡਿੰਗ ਕੀਤੀ ਗਈ ਸੀ। ਲਖੀਮਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਫ਼ਲੇ ਦੇ ਸੱਤ ਵਾਹਨਾਂ ਨੂੰ ਹੀ ਜ਼ਿਲ੍ਹੇ ਵਿੱਚ ਦਾਖ਼ਲੇ ਦੀ ਇਜਾਜ਼ਤ ਦਿੱਤੀ।

Share this Article
Leave a comment