ਨਵੀਂ ਦਿੱਲੀ- ਸਿਹਤ ਮੰਤਰਾਲੇ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸਦੇ ਤਹਿਤ 72 ਘੰਟੇ ਪਹਿਲਾਂ ਤਕ ਦੀ ਨੈਗੇਟਿਵ ਆਰਟੀ-ਪੀਸੀਆਰ ਜਾਂਚ ਰਿਪੋਰਟ ਵਾਲੇ ਯਾਤਰੀਆਂ ਨੂੰ ਹੀ ਭਾਰਤ ਆਉਣ ਦੀ ਇਜਾਜ਼ਤ ਮਿਲੇਗੀ।ਦਰਅਸਲ, ਕੋਰੋਨਾ ਦੇ ਡੈਲਟਾ ਰੂਪ ਦਾ ਪਰਿਵਰਤਨ ਰੂਪ ਬ੍ਰਿਟੇਨ ‘ਚ ਵਧਦਾ ਜਾ ਰਿਹਾ ਹੈ। 11 ਅਕਤੂਬਰ ਤੋਂ ਹਰ ਰੋਜ਼ ਉਥੇ 40 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਦਰਜ ਕੀਤੇ ਜਾ ਰਹੇ ਹਨ, ਇਸਦਾ ਅਸਰ ਭਾਰਤ ਉਤੇ ਨਾ ਹੋਵੇ, ਇਸ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਆਰਟੀ-ਪੀਸੀਆਰ ਟੈਸਟ 72 ਘੰਟਿਆਂ ਲਈ ਲਾਜ਼ਮੀ ਕਰ ਦਿੱਤਾ ਹੈ।ਨਵੇਂ ਦਿਸ਼ਾ ਨਿਰਦੇਸ਼ 25 ਅਕਤੂਬਰ ਦੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੇ।
ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੁਨੀਆ ’ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਨੂੰ ਦੇਖਦੇ ਹੋਏ 17 ਫਰਵਰੀ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਗਾਈਡਲਾਈਨ ਜਾਰੀ ਕੀਤੀ ਗਈ ਸੀ, ਪਰ ਕਈ ਦੇਸ਼ਾਂ ’ਚ ਵੱਡੇ ਪੱਧਰ ’ਤੇ ਟੀਕਾਕਰਨ ਨੂੰ ਦੇਖਦੇ ਹੋਏ ਇਸ ਨੂੰ ਸੋਧਿਆ ਗਿਆ ਹੈ। ਵੈਕਸੀਨ ਲੈਣ ਵਾਲੇ ਸਾਰੇ ਯਾਤਰੀਆਂ ਨੂੰ ਇਜਾਜ਼ਤ ਦੇਣ ਦੀ ਬਜਾਏ ਭਾਰਤ ਨੇ ਸਾਫ਼ ਕਰ ਦਿੱਤਾ ਕਿ ਉਹ ਸਿਰਫ਼ ਉਨ੍ਹਾਂ ਦੇਸ਼ਾਂ ਨੂੰ ਇਸ ਦੀ ਇਜਾਜ਼ਤ ਦੇਵੇਗਾ, ਜਿਹੜੇ ਆਪਣੇ ਇੱਥੇ ਉਸਦੀ ਵੈਕਸੀਨ ਨੂੰ ਇਜਾਜ਼ਤ ਦੇਣਗੇ। ਸਿਹਤ ਮੰਤਰਾਲੇ ਦੇ ਮੁਤਾਬਕ ਬਰਤਾਨੀਆ, ਫਰਾਂਸ, ਜਰਮਨੀ ਸਮੇਤ ਕੁੱਲ 11 ਦੇਸ਼ਾਂ ਨੇ ਭਾਰਤ ’ਚ ਦਿੱਤੀ ਗਈ ਵੈਕਸੀਨ ਨੂੰ ਮਾਨਤਾ ਦਿੱਤੀ ਹੈ ਤੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਅਜਿਹੇ ਯਾਤਰੀਆਂ ਨੂੰ ਜਿਨ੍ਹਾਂ ਨੇ ਦੋਵੇਂ ਡੋਜ਼ ਲਈਆਂ ਹੋਣ, ਏਅਰਪੋਰਟ ’ਤੇ ਟੈਸਟ ਕਰਾਉਣ ਦੀ ਲੋੜ ਨਹੀਂ ਪਵੇਗੀ। ਹਾਲਾਂਕਿ, ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਵੈਕਸੀਨ ਨਹੀਂ ਲਗਵਾਉਣ ਵਾਲੇ ਜਾਂ ਸਿਰਫ਼ ਇਕ ਡੋਜ਼ ਲੈਣ ਵਾਲੇ ਯਾਤਰੀਆਂ ਨੂੰ ਆਰਟੀ-ਪੀਸੀਆਰ ਟੈਸਟ ਤੇ ਕੁਆਰੰਟਾਈਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।