ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਮੰਤਰੀਆਂ ਖ਼ਿਲਾਫ ਐੱਫਆਈਆਰ ਦਰਜ ਕਰਨ ਦੀ ਕੀਤੀ ਮੰਗ

TeamGlobalPunjab
2 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਰਾਬ ਦੀ ਨਵੀਂ ਨੀਤੀ ਦੇ ਮੁੱਦੇ ‘ਤੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਕਿਹਾ ਹੈ ਕਿ ਦੇਸ਼ ਦੀ ਪੰਜਾਬ ਵਿਚ ਪਹਿਲੀ ਸਰਕਾਰ ਹੈ ਜਿਥੇ ਮੰਤਰੀਆਂ ਤੇ ਅਧਿਕਾਰੀਆਂ ਵਿਚਕਾਰ ਜੰਗ ਹੈ। ਉਨ੍ਹਾਂ ਕਿਹਾ ਕਿ ਹੁਣ ਕੈਬਨਿਟ ਬੈਠਕ ਵਿਚ ਅਧਿਕਾਰੀ ਨੂੰ ਲੈ ਕੇ ਜੋ ਸਾਹਮਣੇ ਆਇਆ ਹੈ, ਉਹ ਹੈਰਾਨੀਜਨਕ ਹੈ। ਜਿਸ ਦੇ ਚੱਲਦਿਆਂ ਸੁਖਬੀਰ ਸਿੰਘ ਬਾਦਲ ਨੇ ਸੂਬੇ ਅੰਦਰ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਸੰਬੰਧੀ ਲਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਸਕੱਤਰ ਜਾਂ ਮੰਤਰੀਆਂ ਖ਼ਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

ਬਾਦਲ ਨੇ ਕਿਹਾ ਕਿ ਜਦੋਂ ਪੂਰੀ ਦੁਨੀਆਂ ਅਤੇ ਦੇਸ਼ ਕੋਰੋਨਾਵਾਇਰਸ ਖ਼ਿਲਾਫ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਤਾਂ ਪੰਜਾਬ ਦੇ ਮੰਤਰੀ ਸ਼ਰਾਬ ਤੋਂ ਕਮਾਏ ਜਾ ਰਹੇ ਗੈਰਕਾਨੂੰਨੀ ਪੈਸੇ ਵਾਸਤੇ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਅਤੇ ਕੈਬਨਿਟ ਵਰਗੀਆਂ ਉੱਚੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਮਜ਼ਾਕ ਦਾ ਵਿਸ਼ਾ ਬਣਾਉਣ ਦੀ ਬਜਾਇ, ਹੁਣ ਸਮਾਂ ਆ ਗਿਆ ਹੈ ਕਿ ਜਨਤਾ ਵਿਚ ਸ਼ਰੇਆਮ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਸੰਬੰਧੀ ਲਾਏ ਜਾ ਰਹੇ ਦੋਸ਼ਾਂ ਨੂੰ ਇੱਕ ਠੋਸ ਕਾਨੂੰਨੀ ਪੱਖ ਤੋਂ ਵੇਖਿਆ ਜਾਵੇ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ‘ਚ ਕਾਂਗਰਸ ਸਰਕਾਰ ਨੂੰ ਸ਼ਰਾਬ ਮਾਫੀਆ ਚਲਾ ਰਿਹਾ ਹੈ ਅਤੇ ਸ਼ਰਾਬ ਦੀ ਲੁੱਟ ਵਿੱਚੋਂ ਆਪਣਾ ਹਿੱਸਾ ਲੈਣ ਲਈ ਠੇਕੇਦਾਰਾਂ ਉੱਤੇ ਦਬਾਅ ਪਾਉਣ ਵਾਸਤੇ ਹੀ ਆਬਕਾਰੀ ਨੀਤੀ ਦਾ ਵਿਰੋਧ ਕੀਤਾ ਗਿਆ ਸੀ। ਬਾਦਲ ਨੇ ਸੂਬੇ ਅੰਦਰਲੇ ਹਾਲਾਤ ਉਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅੰਦਰ ਲੜਾਈ ਸ਼ੁਰੂ ਹੋ ਚੁੱਕੀ ਹੈ, ਜਿਸ ਕਰਕੇ ਸਰਕਾਰ ਮਸ਼ੀਨਰੀ ਤਬਾਹ ਹੋ ਗਈ ਹੈ। ਪਿਛਲੇ 70 ਸਾਲਾਂ ਦੌਰਾਨ ਸੂਬੇ ਨੇ ਕਦੇ ਵੀ ਅਜਿਹੇ ਹਾਲਾਤ ਨਹੀਂ ਵੇਖੇ, ਇੱਥੇ ਤਕ ਕਿ ਖਾੜਕੂਵਾਦ ਦੌਰਾਨ ਵੀ ਨਹੀਂ। ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰ ਨੂੰ ਆਰਥਿਕ ਗਤੀਵਿਧੀ ਮੁੜ ਸ਼ੁਰੂ ਕਰਵਾਉਣ ਲਈ ਇੱਕ ਖਾਕਾ ਉਲੀਕਣਾ ਚਾਹੀਦਾ ਹੈ ਅਤੇ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰ ਅਤੇ ਸਨਅਤਾਂ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ।

Share this Article
Leave a comment