ਜਗਤਾਰ ਸਿੰਘ ਸਿੱਧੂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਅਸਧਾਰਨ ਪ੍ਰਸਥਿਤੀਆਂ ਵਿਚ ਹੋ ਰਿਹਾ ਹੈ । ਭਲਕੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਮੇਟੀ ਦਾ ਜਨਰਲ ਇਜਲਾਸ ਬਜਟ ਪਾਸ ਕਰਨ ਲਈ ਬੁਲਾਇਆ ਗਿਆ ਹੈ ਪਰ ਕਈ ਵੱਡੇ ਪੰਥਕ ਮਾਮਲਿਆਂ ਦਾ ਮੌਜੂਦਾ ਲੀਡਰਸ਼ਿਪ ਨੂੰ ਸਾਹਮਣਾ ਕਰਨਾ ਪਏਗਾ। ਹਾਲਾਂਕਿ ਕਿ ਹਾਕਮ ਧਿਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਕਈ ਗੁੰਝਲਦਾਰ ਮਾਮਲੇ ਲੀਡਰਸ਼ਿਪ ਲਈ ਚਿੰਤਾ ਦਾ ਕਾਰਨ ਹਨ।
ਇਜਲਾਸ ਤੋਂ ਪਹਿਲਾਂ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਅਤੇ ਅਹੁਦਿਆਂ ਤੋਂ ਪਾਸੇ ਕਰਨ ਦਾ ਮਾਮਲਾ ਹੈ । ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਉਣ , ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਪਾਸੇ ਕਰਨ ਦਾ ਮੁੱਦਾ ਪੰਥਕ ਹਲਕਿਆਂ ਵਿੱਚ ਗਰਮਾਇਆ ਹੋਇਆ ਹੈ । ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਨੇ ਚਾਹੇ ਆਪਣੀ ਜਿੰਮੇਵਾਰੀ ਸੰਭਾਲ ਲਈ ਹੈ ਪਰ ਕਈ ਪੰਥਕ ਧਿਰਾਂ ਗੜਗੱਜ ਨੂੰ ਜਥੇਦਾਰ ਮੰਨਣ ਲਈ ਤਿਆਰ ਨਹੀਂ ਹਨ।
ਜੇਕਰ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਹਟਾਉਣ ਦਾ ਮਾਮਲਾ ਹੀ ਵਿਚਾਰਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਦਮਦਮੀ ਟਕਸਾਲ ਅਤੇ ਕਈ ਹੋਰ ਪੰਥਕ ਜਥੇਬੰਦੀਆਂ ਵੱਲੋਂ ਭਲਕੇ ਜਥੇਦਾਰ ਸਾਹਿਬਾਨ ਦੇ ਮਾਮਲਿਆਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਸ਼ਾਂਤਮਈ ਢੰਗ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਗੇਟ ਤੇ ਧਰਨਾ ਦਿੱਤਾ ਜਾਵੇਗਾ । ਕੇਵਲ ਇਹ ਹੀ ਨਹੀਂ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰਾਂ ਨੇ ਲਿਖਤੀ ਤੌਰ ਤੇ ਕਮੇਟੀ ਨੂੰ ਲਿਖ ਕੇ ਦਿੱਤਾ ਹੈ ਕਿ ਉਹ ਪਹਿਲੇ ਜਥੇਦਾਰਾਂ ਦੀ ਬਹਾਲੀ ਦੀ ਮੰਗ ਕਰਦੇ ਹਨ ਅਤੇ ਸ਼੍ਰੋਮਣੀ ਕਮੇਟੀ ਜਥੇਦਾਰਾਂ ਵਿਰੁੱਧ ਲਏ ਫੈਸਲਿਆਂ ਨੂੰ ਰੱਦ ਕਰੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਦਾ ਮਾਮਲਾ ਗਰਮਾਇਆ ਹੋਇਆ ਹੈ।
ਅਕਾਲੀ ਦਲ ਦੀ ਭਰਤੀ ਲਈ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੱਤ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਸੀ ਪਰ ਮੌਜੂਦਾ ਲੀਡਰਸ਼ਿਪ ਨੇ ਤਾਂ ਭਰਤੀ ਕਰ ਵੀ ਲਈ ਹੈ ਜਦੋਂ ਕਿ ਭਰਤੀ ਵਾਲੀ ਕਮੇਟੀ ਵੱਖਰੀ ਭਰਤੀ ਕਰਨ ਲੱਗੀ ਹੈ । ਇਸ ਸਾਰੇ ਕਾਸੇ ਦੇ ਚਲਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇਣ ਬਾਅਦ ਮੁੜ ਜਿੰਮੇਵਾਰੀ ਸੰਭਾਲ ਲਈ ਹੈ ।ਧਾਮੀ ਨੇ ਜਥੇਦਾਰ ਸਾਹਿਬਾਨ ਦੇ ਮੁੱਦੇ ਨੂੰ ਲੈਕੇ ਸਾਰਥਕ ਹੱਲ ਕੱਢਣ ਲਈ ਕਮੇਟੀ ਬਨਾਉਣ ਦਾ ਐਲਾਨ ਕੀਤਾ ਹੈ ਅਤੇ ਪ੍ਰਧਾਨ ਵਜੋਂ ਜਨਰਲ ਇਜਲਾਸ ਨੂੰ ਚਲਾਉਣ ਦੀ ਵੱਡੀ ਜ਼ਿੰਮੇਵਾਰੀ ਵੀ ਹੈ ।
ਸੰਪਰਕ 9814002186