ਨਵੀਂ ਦਿੱਲੀ: ਆਮ ਆਦਮੀ ਦੀ ਜੇਬ ਨੂੰ ਨਵੇਂ ਮਹੀਨੇ ਦੇ ਪਹਿਲੇ ਦਿਨ ਹੀ ਝਟਕਾ ਲੱਗਿਆ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ LPG ਗੈਸ ਸਿਲੰਡਰਾਂ ਦੀਆਂ ਕੀਮਤਾਂ ਇੱਕ ਵਾਰ ਫਿਰ ਵਧਾ ਦਿੱਤੀਆਂ ਹਨ।ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ 19 ਕਿੱਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੇ ਭਾਅ ‘ਚ 73.5 ਰੁਪਏ ਦਾ ਇਜ਼ਾਫਾ ਕੀਤਾ ਹੈ। ਇਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ‘ਚ 19 ਕਿੱਲੋਗ੍ਰਾਮ ਕਮਰਸ਼ੀਅਲ ਗੈਸ ਸਿਲੰਡਰ ਦਾ ਭਾਅ 1500 ਰੁਪਏ ਤੋਂ ਵੱਧ ਕੇ 1623 ਰੁਪਏ ਹੋ ਗਿਆ ਹੈ।
ਦਰਅਸਲ, ਸਰਕਾਰੀ ਤੇਲ ਕੰਪਨੀਆਂ ਵੱਲੋਂ ਇਸ ਮਹੀਨੇ ਸਿਰਫ਼ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਜਦਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਪਹਿਲਾਂ ਦੀ ਤਰ੍ਹਾਂ ਹੀ ਹਨ।ਤੇਲ ਕੰਪਨੀਆਂ ਨੇ ਆਮ ਆਦਮੀ ਦੀ ਵਰਤੋਂ ਵਾਲੇ 14.2 ਕਿੱਲੋਗ੍ਰਾਮ ਬਿਨਾਂ ਸਬਸਿਡੀ ਦੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਨਹੀਂ ਕੀਤਾ ਹੈ। ਇਸ ਦੇ ਭਾਅ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਦਿੱਲੀ ‘ਚ 14.2 ਕਿੱਲੋਗ੍ਰਾਮ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 834.5 ਰੁਪਏ ‘ਤੇ ਬਰਕਰਾਰ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਯਾਨੀ ਜੁਲਾਈ ‘ਚ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦਾ ਭਾਅ 25.50 ਰੁਪਏ ਵਧਾਇਆ ਸੀ।