ਹਰਿਦੁਆਰ: ਹਰਿਦੁਆਰ ਹੇਟ ਸਪੀਚ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਉੱਤਰਾਖੰਡ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਨਫ਼ਰਤ ਭਰੇ ਭਾਸ਼ਣ ਦੇ ਮਾਮਲੇ ਵਿੱਚ ਸ਼ਨੀਵਾਰ ਨੂੰ ਦੂਜੀ ਗ੍ਰਿਫਤਾਰੀ ਕੀਤੀ। ਨਗਰ ਕੋਤਵਾਲੀ ਪੁਲਿਸ ਨੇ ਸ਼ਨੀਵਾਰ ਨੂੰ ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਯਤੀ ਨਰਸਿੰਹਾਨੰਦ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵਸੀਮ ਰਿਜ਼ਵੀ ਉਰਫ ਜਿਤੇਂਦਰ ਨਾਰਾਇਣ ਤਿਆਗੀ ਨੂੰ ਇਸੇ ਮਾਮਲੇ ‘ਚ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ।
ਇਸ ਗ੍ਰਿਫਤਾਰੀ ਨੂੰ ਲੈ ਕੇ ਯਤੀ ਨਰਸਿੰਹਾਨੰਦ ਨੇ ਪੁਲਿਸ ਅਫਸਰਾਂ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ‘ਤੁਮ ਸਬ ਮਰੋਗੇ’। ਭੜਕਾਊ ਭਾਸ਼ਣ ਵਿਚ ਦਰਜ FIR ਵਿਚ 10 ਤੋਂ ਵੱਧ ਲੋਕਾਂ ਦੇ ਨਾਂ ਹਨ ਜਿਨ੍ਹਾਂ ਵਿਚ ਨਰਸਿੰਹਾਨੰਦ, ਜੀਤੇਂਦਰ ਤਿਆਗੀ ਤੇ ਅੰਨਪੂਰਨਾ ਸ਼ਾਮਲ ਹਨ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਉਤਰਾਖੰਡ ਸਰਕਾਰ ਨੂੰ ਕਾਰਵਾਈ ਬਾਰੇ 10 ਦਿਨਾਂ ਦੇ ਅੰਦਰ ਇੱਕ ਹਲਫਨਾਮਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਉੁਤਰਾਖੰਡ ਪੁਲਿਸ ਹਰਕਤ ਵਿਚ ਆਈ ਅਤੇ ਹੁਣ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਰਹੀ ਹੈ।
ਪਟਨਾ ਹਾਈਕੋਰਟ ਦੀ ਸਾਬਕਾ ਜੱਜ ਜਸਟਿਸ ਅੰਜਨਾ ਪ੍ਰਕਾਸ਼ ਤੇ ਪੱਤਰਕਾਰ ਕੁਰਬਾਨ ਅਲੀ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵਿਚ ਬੁੱਧਵਾਰ ਨੂੰ ਸੁਣਵਾਈ ਹੋਈ ਸੀ। ਪਟੀਸ਼ਨਕਰਤਾ ਨੇ ਮੁਸਲਮਾਂ ਖਿਲਾਫ ਭਰਖਾਊ ਭਾਸ਼ਣ ਦੀਆਂ ਘਟਨਾਵਾਂ ਦੀ SIT ਵੱਲੋਂ ਆਜ਼ਾਦ, ਭਰੋਸੇਯੋਗ ਤੇ ਨਿਰਪੱਖ ਜਾਂਚ ਕਰਵਾਉਣ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ।
ਹਰਿਦੁਆਰ ਦੇ ਐਸਪੀ (ਸ਼ਹਿਰ) ਸਵਤੰਤਰ ਕੁਮਾਰ ਨੇ ਦੱਸਿਆ ਕਿ ਯਤੀ ਨਰਸਿੰਹਾਨੰਦ ਮਹਾਰਾਜ ਨੂੰ ਥਾਣੇ ਲਿਆਂਦਾ ਗਿਆ ਹੈ। ਹਾਲਾਂਕਿ, ਅਧਿਕਾਰੀ ਨੇ ਕਿਹਾ, ਇਹ ਤਕਨੀਕੀ ਤੌਰ ‘ਤੇ ਗ੍ਰਿਫਤਾਰੀ ਨਹੀਂ ਹੈ। ਐਸਪੀ ਨੇ ਕਿਹਾ ਕਿ ਅਗਲੀ ਕਾਰਵਾਈ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਜਾਂਚ ਕਿਵੇਂ ਅੱਗੇ ਵਧਦੀ ਹੈ। ਗਾਜ਼ੀਆਬਾਦ ਦੇ ਦਾਸਨਾ ਮੰਦਰ ਦੇ ਵਿਵਾਦਗ੍ਰਸਤ ਮਹੰਤ ਨਰਸਿੰਹਾਨੰਦ ਨੇ 17 ਤੋਂ 19 ਦਸੰਬਰ ਤੱਕ ਹਰਿਦੁਆਰ ‘ਚ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ।