ਐਲਓਸੀ ਨੇੜੇ ਧਮਾਕੇ ’ਚ ਪੰਜਾਬ ਦੇ ਨੌਜਵਾਨ ਸਮੇਤ ਦੋ ਫ਼ੌਜੀ ਜਵਾਨ ਸ਼ਹੀਦ

TeamGlobalPunjab
2 Min Read

ਜੰਮੂ: ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ’ਚ ਐੱਲਓਸੀ ਨੇੜੇ ਬਾਰੂਦੀ ਸੁਰੰਗ ਧਮਾਕੇ ’ਚ ਭਾਰਤੀ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ, ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੀ ਕਿਸਮ ਬਾਰੇ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਅਧਿਕਾਰੀਆਂ ਮੁਤਾਬਕ ਧਮਾਕਾ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ਵਿਚ ਹੋਇਆ ਤੇ ਉਸ ਵੇਲੇ ਉੱਥੇ ਫ਼ੌਜ ਦੀ ਇਕ ਟੁਕੜੀ ਸਰਹੱਦ ਪਾਸੋਂ ਘੁਸਪੈਠ ਉਤੇ ਨਜ਼ਰ ਰੱਖਣ ਲਈ ਗਸ਼ਤ ਕਰ ਰਹੀ ਸੀ।

ਸ਼ਹੀਦ ਹੋਏ ਜਵਾਨਾਂ ਦੀ ਪਛਾਣ ਲੈਫਟੀਨੈਂਟ ਰਿਸ਼ੀ ਕੁਮਾਰ ਜੋ ਬੇਗੁਸਰਾਏ (ਬਿਹਾਰ) ਦੇ ਰਹਿਣ ਵਾਲੇ ਸਨ ਅਤੇ ਬਠਿੰਡਾ ਵਿਚ ਸਿਰੀਏਵਾਲਾ ਦੇ ਰਹਿਣ ਵਾਲੇ ਸਿਪਾਹੀ ਮਨਜੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਜਿਸ ਇਲਾਕੇ ਵਿੱਚ ਧਮਾਕਾ ਹੋਇਆ ਹੈ, ਉਹ ਘੁਸਪੈਠਾਂ ਨੂੰ ਰੋਕਣ ਲਈ ਫੌਜ ਵੱਲੋਂ ਲਗਾਈਆਂ ਗਈਆਂ ਬਾਰੂਦੀ ਸੁਰੰਗਾਂ ਨਾਲ ਭਰਿਆ ਹੋਇਆ ਹੈ। ਨੌਸ਼ਹਿਰਾ ਸੈਕਟਰ ਰਾਜੌਰੀ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ, ਜੋ ਜੰਮੂ ਦੇ ਪੀਰਪੰਜਲ ਇਲਾਕੇ ਦਾ ਹਿੱਸਾ ਹੈ, ਜਿੱਥੇ ਪਿਛਲੇ ਤਿੰਨ ਹਫ਼ਤਿਆਂ ਤੋਂ ਫੌਜ ਦੀ ਕਾਰਵਾਈ ਚੱਲ ਰਹੀ ਹੈ।

ਪੁਣਛ ਦੇ ਜੰਗਲਾਂ ਵਿਚ ਲੁਕੇ ਹੋਏ ਅੱਤਵਾਦੀਆਂ ਖਿਲਾਫ ਬਿਨਾਂ ਕਿਸੇ ਸਫਲਤਾ ਦੇ ਦੋ ਅਫਸਰਾਂ ਸਮੇਤ 9 ਜਵਾਨ ਮਾਰੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਪਿਛਲੇ 18 ਸਾਲਾਂ ਵਿੱਚ ਇਸ ਖੇਤਰ ਵਿੱਚ ਇਹ ਸਭ ਤੋਂ ਲੰਬਾ ਅੱਤਵਾਦ ਵਿਰੋਧੀ ਆਪ੍ਰੇਸ਼ਨ ਹੈ।

ਜ਼ਿਕਰਯੋਗ ਹੈ ਕਿ ਪੁਣਛ ਦੇ ਘਾਟਾ ਧੁਰੀਆਂ ਦੇ ਸੰਘਣੇ ਜੰਗਲਾਂ ’ਚ ਅੱਤਵਾਦੀਆਂ ਨੂੰ ਫੜਨ ਲਈ ਬੀਤੀ 8 ਅਕਤੂਬਰ ਤੋਂ ਤਲਾਸ਼ੀ ਮੁਹਿੰਮ ਜਾਰੀ ਹੈ। ਫ਼ੌਜ, ਪੁਲਿਸ, ਪੈਰਾ ਕਮਾਂਡੋਜ਼ ਸਮੇਤ ਸੀਆਰਪੀਐੱਫ਼ ਤੇ ਹੋਰ ਸੁਰੱਖਿਆ ਬਲ ਇਸ ਤਲਾਸੀ ਮੁਹਿੰਮ ’ਚ ਜੁਟੇ ਹਨ। ਸੁਰੱਖਿਆ ਬਲਾਂ ਵੱਲੋਂ ਭਾਟਾ ਧੁਰੀਆਂ ਦੇ ਸੰਘਣੇ ਜੰਗਲਾਂ ਦੇ ਆਸਪਾਸ ਰਹਿਣ ਵਾਲੇ ਕਰੀਬ 20 ਅਜਿਹੇ ਸਥਾਨਕ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ’ਤੇ ਸਰਹੱਦ ’ਤੇ ਬੈਠੇ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ਹਨ। ਫਿਲਹਾਲ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਉਕਤ 20 ਨਾਗਰਿਕਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ।

Share This Article
Leave a Comment