ਨਿਊਜ਼ ਡੈਸਕ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਅਮਰੀਕਾ ‘ਚ ਪੁਲਿਸ ਨੇ ਫੜ ਲਿਆ ਹੈ। ਕੁਝ ਟੀਵੀ ਚੈਨਲਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਕੈਲੀਫੋਰਨੀਆ ਪੁਲਿਸ ਦੀ ਹਿਰਾਸਤ ਵਿਚ ਹੈ। ਭਾਰਤੀ ਜਾਂਚ ਏਜੰਸੀਆਂ ਕੈਲੀਫੋਰਨੀਆ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। NIA ਨੇ ਅਨਮੋਲ ਬਿਸ਼ਨੋਈ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਮੁੰਬਈ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਲਾਰੈਂਸ ਅਤੇ ਅਨਮੋਲ ਦੋਵਾਂ ਨੂੰ ਲੋੜੀਂਦਾ ਐਲਾਨਿਆ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਖ਼ਲ ਕਰ ਦਿੱਤੀ ਹੈ। ਇਸ ‘ਚ ਲਾਰੈਂਸ ਅਤੇ ਅਨਮੋਲ ਆਰੋਪੀ ਹਨ।
ਸਲਮਾਨ ਦੇ ਘਰ ਫਾਇਰਿੰਗ ਦੇ ਨਾਲ-ਨਾਲ ਐਨਸੀਪੀ ਨੇਤਾ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਵੀ ਅਨਮੋਲ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਮਹਾਰਾਸ਼ਟਰ ਪੁਲਿਸ ਦੀ ਤਰਫੋਂ, ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਦੇ ਜੱਜ ਅੱਗੇ ਇੱਕ ਅਰਜ਼ੀ ਦਿੱਤੀ ਗਈ ਸੀ। ਇਸ ਵਿੱਚ ਪੁਲਿਸ ਨੇ ਕਿਹਾ ਸੀ ਕਿ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਅਨਮੋਲ ਦੀ ਸ਼ਮੂਲੀਅਤ ਬਾਰੇ ਜਾਂਚ ਕਰਨ ਦੀ ਲੋੜ ਹੈ।
ਸਿੱਦੀਕੀ ਕਤਲ ਕਾਂਡ ਤੋਂ ਬਾਅਦ ਪੁਲਿਸ ਦੇ ਹੱਥ ਇੱਕ ਆਡੀਓ ਲੱਗੀ ਸੀ। ਇਸ ‘ਚ ਆਰੋਪੀ ਅਤੇ ਅਨਮੋਲ ਬਿਸ਼ਨੋਈ ਵਿਚਾਲੇ ਗੱਲਬਾਤ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਬਾਰੇ ਪੁਲਿਸ ਨੇ ਕਿਹਾ ਸੀ ਕਿ ਇਸ ਆਡੀਓ ਦੀ ਸੱਚਾਈ ਦਾ ਪਤਾ ਲਗਾ ਕੇ ਸਿੱਦੀਕੀ ਕਤਲ ਕੇਸ ਵਿੱਚ ਅਨਮੋਲ ਦੀ ਸ਼ਮੂਲੀਅਤ ਸਾਬਤ ਕਰਨੀ ਹੈ। ਪੁਲਿਸ ਦੀ ਅਰਜ਼ੀ ‘ਤੇ ਅਦਾਲਤ ਨੇ ਅਨਮੋਲ ਬਿਸ਼ਨੋਈ ਅਤੇ ਸ਼ੂਟਰ ਵਿੱਕੀ ਗੁਪਤਾ ਵਿਚਾਲੇ ਹੋਈ ਕਾਲ ਦੀ ਆਡੀਓ ਕਲਿੱਪ ਦੇਣ ਦਾ ਹੁਕਮ ਵੀ ਦਿੱਤਾ ਸੀ।