ਗੈਂਗਸਟਰ ਦੀਪਕ ਟੀਨੂੰ ਆਇਆ ਪੰਜਾਬ ਪੁਲਿਸ ਦੇ ਹੱਥ, ਮਾਨਸਾ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ

Rajneet Kaur
3 Min Read

ਮਾਨਸਾ: ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਨੂੰ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਮਾਨਸਾ ਪੁਲਿਸ ਨੇ ਤਿੰਨ ਦਿਨ ਪਹਿਲਾਂ ਵੀ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਕੋਲ ਟੀਨੂ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਸੀ। ਅੱਜ ਦਿੱਲੀ ਪੁਲਿਸ ਦਾ ਰਿਮਾਂਡ ਖਤਮ ਹੋਣ ’ਤੇ ਮਾਨਸਾ ਪੁਲਿਸ ਮੁੜ ਦਿੱਲੀ ਗਈ ਸੀ ਅਤੇ ਬਾਅਦ ਦੁਪਹਿਰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਟੀਨੂ ਦਾ ਟਰਾਂਜ਼ਿਟ ਰਿਮਾਂਡ ਮਾਨਸਾ ਪੁਲਿਸ ਨੂੰ ਦਿੱਤਾ ਗਿਆ।

ਦਸ ਦਈਏ ਕਿ ਦੀਪਕ ਟੀਨੂੰ 1 ਅਕਤੂਬਰ ਨੂੰ ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਉਸ ਨੂੰ ਬਾਅਦ ਵਿਚ ਦਿੱਲੀ ਪੁਲਿਸ ਨੇ 19 ਅਕਤੂਬਰ ਨੂੰ ਅਜਮੇਰ ਤੋਂ ਗ੍ਰਿਫਤਾਰ ਕੀਤਾ ਸੀ।

ਪੁਲਿਸ ਨੇ ਹੁਣ ਤੱਕ ਗੈਂਗਸਟਰ ਨੂੰ ਭਜਾਉਣ ‘ਚ  ਮਦਦ ਕਰਨ ਦੇ ਦੋਸ਼ ਵਿੱਚ ਬਰਖਾਸਤ ਸੀਆਈਏ ਇੰਸਪੈਕਟਰ ਪ੍ਰਿਤਪਾਲ ਅਤੇ ਟੀਨੂੰ ਦੀ ਪ੍ਰੇਮਿਕਾ ਸਣੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। SIT ਨੂੰ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੂਸੇਵਾਲਾ ਕਤਲ ਕੇਸ ਵਿੱਚ ਪੁੱਛ-ਪੜਤਾਲ ਲਈ ਤਿਹਾੜ ਜੇਲ੍ਹ ਦੇ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਂਦਾ ਗਿਆ ਤਾਂ ਉਸ ਨੇ ਫਰਾਰ ਹੋਣ ਦਾ ਪਲਾਨ ਬਣਾਇਆ ਸੀ। ਟੀਨੂੰ ਉਨ੍ਹਾਂ 24 ਮੁਲਜ਼ਮਾਂ ਵਿੱਚੋਂ ਇੱਕ ਹੈ, ਜਿਨ੍ਹਾਂ ਖ਼ਿਲਾਫ਼ ਮੂਸੇਵਾਲਾ ਕਤਲ ਕੇਸ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।

ਮਾਨਸਾ ਜ਼ਿਲ੍ਹੇ ਦੇ ਡੀਐੱਸਪੀ ਗੋਬਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਨੂ ਨੂੰ ਲੈ ਕੇ ਦਿੱਲੀ ਤੋਂ ਲਿਆ ਰਹੀ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਟੀਨੂ ਦੇ ਇੱਥੇ ਪਹੁੰਚਣ ’ਤੇ ਉਸ ਦਾ ਮੈਡੀਕਲ ਕਰਾਉਣ ਤੋਂ ਬਾਅਦ ਇੱਥੋਂ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਦੀਪਕ ਟੀਨੂ ਤੋਂ ਹੁਣ ਉਸ ਦੇ ਭੱਜਣ ਸਬੰਧੀ ਮਾਨਸਾ ਦੇ ਸੀਆਈਏ ਪੁਲੀਸ ਸਟੇਸ਼ਨ ’ਚ ਹੀ ਪੁੱਛ-ਪੜਤਾਲ ਕੀਤੀ ਜਾਵੇਗੀ ਤੇ ਇਸ ਦੌਰਾਨ ਏਜੀਟੀਐੱਫ ਦੇ ਅਧਿਕਾਰੀ ਵੀ ਮੌਜੂਦ ਹੋਣਗੇ। ਮਾਨਸਾ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ  ਉਸ ਤੋਂ ਇਹ ਪਤਾ ਕਰਨ ਦੀ ਕੋਸ਼ਿਸ਼ ’ਚ ਹੋਵੇਗੀ ਕਿ ਉਸ ਦੇ ਭੱਜਣ ’ਚ ਕਿਸ-ਕਿਸ ਨੇ ਮਦਦ ਕੀਤੀ।

- Advertisement -

ਟੀਨੂ ਦੇ ਭੱਜਣ ਨਾਲ ਸਬੰਧਤ ਕੇਸ ਦੀ ਜਾਂਚ ਲਈ ਚਾਰ ਮੈਂਬਰ ਸਿਟ ਕਾਇਮ ਕੀਤੀ ਹੋਈ ਹੈ, ਜਿਸ ਦੇ ਮੁਖੀ ਏਆਈਜੀ ਪਟਿਆਲਾ ਮੁਖਵਿੰਦਰ ਸਿੰਘ ਛੀਨਾ ਹਨ ਅਤੇ ਏਜੀਟੀਐੱਫ ਦੇ ਏਆਈਜੀ ਓਪਿੰਦਰਜੀਤ ਸਿੰਘ ਘੁੰਮਣ ਸਮੇਤ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਮੈਂਬਰ ਹਨ। ਜ਼ਿਕਰਯੋਗ ਹੈ ਕਿ ਜੂਨ 2017 ਵਿੱਚ ਵੀ ਪੰਚਕੂਲਾ ਦੇ ਸਿਵਲ ਹਸਪਤਾਲ ’ਚੋਂ ਗੈਂਗਸਟਰ ਸੰਪਤ ਨਹਿਰਾ (ਹੁਣ ਤਿਹਾੜ ਜੇਲ੍ਹ ਵਿੱਚ) ਤੇ ਉਸ ਦੇ ਸਾਥੀ ਪੁਲਿਸ ਅਧਿਕਾਰੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਟੀਨੂ ਨੂੰ ਭਜਾ ਕੇ ਲੈ ਗਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment