ਰਣਜੀਤ ਸਿੰਘ ਢੱਡਰੀਆਂ ਵਾਲੇ ਹੋਣਗੇ ਅਕਾਲ ਤਖ਼ਤ ਸਾਹਿਬ ਤੇ ਪੇਸ਼! ਰੱਖੀ ਆਹ ਸ਼ਰਤ

TeamGlobalPunjab
4 Min Read

ਨਿਊਜ਼ ਡੈਸਕ : ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਕੋਈ ਨਾ ਕੋਈ ਵਿਵਾਦ ਜੁੜਦਾ ਹੀ ਰਹਿੰਦਾ ਹੈ। ਇਸ ਦੇ ਚਲਦਿਆ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਧਾਰਮਿਕ ਦੀਵਾਨ ਦਾ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਦਾ ਸੋਧ ਲਾਉਣ ਦੀ ਧਮਕੀ ਦਿਤੀ ਗਈ ਹੈ।
ਇਸ ਤੋਂ ਬਾਅਦ ਰਣਜੀਤ ਸਿੰਘ ਨੇ ਵੀ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਢੱਡਰੀਆਂ ਵਾਲਿਆਂ ਦਾ ਕਹਿਣਾ ਹੈ ਉਨ੍ਹਾਂ ਨਾਲ ਸਬੰਧਿਤ ਇੱਕ ਮਾਮਲੇ ਦੀ ਜਾਂਚ ਪੜਤਾਲ ਲਈ ਅਕਾਲ ਤਖਤ ਸਾਹਿਬ ਨੇ ਇੱਕ 5 ਮੈਂਬਰੀ ਦਾ ਗਠਨ ਕੀਤਾ ਸੀ। ਕਮੇਟੀ ਅੱਗੇ ਉਹ ਖੁਦ ਪੇਸ਼ ਨਹੀਂ ਹੋਏ ਸਨ। ਇਸ ਲਈ ਕੁਝ ਸਿੱਖਾਂ ਵੱਲੋਂ ਉਨ੍ਹਾਂ ਦੇ ਧਾਰਮਿਕ ਦੀਵਾਨ ਦਾ ਵਿਰੋਧ ਇਸੇ ਕੜੀ ਦਾ ਹੀ ਇੱਕ ਹਿੱਸਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਧਾਰਮਿਕ ਪ੍ਰਚਾਰ ਕਰਨ ਤੋਂ ਰੋਕਿਆ ਜਾ ਸਕੇ ਕਿਉਂਕਿ ਇਹ ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਸਮਝਦੇ ਹਨ।
ਉਨ੍ਹਾਂ ਕਿਹਾ ਕਿ ਜਥੇਦਾਰ ਗੁਰਬਚਨ ਸਿੰਘ ਨੇ ਕਿਸ ਦੇ ਕਹਿਣ ‘ਤੇ ਸਿਰਸੇ ਵਾਲੇ ਨੂੰ ਮਾਫ ਕੀਤਾ ਸੀ। ਉਸ ਦੇ ਲਈ 5 ਮੈਂਬਰੀ ਕਮੇਟੀ ਦਾ ਗਠਨ ਕਿਉਂ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਬਾਬਿਆਂ ਜਿਨ੍ਹਾਂ ਨੇ ਆਪਣੀਆਂ-ਆਪਣੀਆਂ ਮਰਿਆਦਾਵਾਂ ਬਣਾਈਆਂ ਹੋਈਆਂ ਹਨ ਉਨ੍ਹਾਂ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ 5 ਮੈਂਬਰੀ ਕਮੇਟੀ ਕਿਉਂ ਨਹੀਂ ਬਣਾਈ। ਇਸ ਲਈ ਉਨ੍ਹਾਂ ਦੇ ਧਾਰਮਿਕ ਦੀਵਾਨਾਂ ਦਾ ਵਿਰੋਧ ਕਰਕੇ ਉਨ੍ਹਾਂ ‘ਤੇ ਪੇਸ਼ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਅਕਾਲ ਤਖਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਢਾਂਚਾ ਕੰਮ ਕਰ ਰਿਹਾ ਹੈ ਉਹ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਾ ਹੈ। ਜਦੋਂ ਕਿ ਅਕਾਲ ਤਖਤ ਨੂੰ ਸਾਰਿਆਂ ਲਈ ਇੱਕ ਸਮਾਨ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਹੈ। ਇੱਕ ਪਾਸੇ ਤਾਂ ਇਨ੍ਹਾਂ ਵੱਲੋਂ ਇੱਕ ਧੜੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਤੇ ਦੂਜੇ ਪਾਸੇ ਜਿਹੜਾ ਪ੍ਰਚਾਰਕ ਇਨ੍ਹਾਂ ਦੇ ਉਲਟ ਹੈ ਉਸ ਨੂੰ ਧਰਮ ‘ਚੋਂ ਛੇਕ ਦਿੱਤਾ ਜਾਂਦਾ ਹੈ।
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨ ਸਿੱਖ ਪੀੜੀ ਨੂੰ ਸਿੱਖ ਪੰਥ ਨਾਲ ਜੋੜਨ ਲਈ ਉਨ੍ਹਾਂ ਵੱਲੋਂ ਨਵੇਂ ਢੰਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੇ ਪੁਰਾਣੀਆਂ ਚਮਤਕਾਰੀ ਗੱਲਾਂ ਸੁਣ ਕੇ ਧਰਮ ਨਾਲ ਨਹੀਂ ਜੁੜਨਾ ਬਲਕਿ ਇਸ ਤਰ੍ਹਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਣਗੇ।
ਰਣਜੀਤ ਸਿੰਘ ਨੇ ਕਿਹਾ ਕਿ ਐਸ.ਜੀ.ਪੀ.ਸੀ.ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪਿੰਡ ਗਦੜਿਆਣੀ ‘ਚ ਉਨ੍ਹਾਂ ਦੇ ਦਿਵਾਨ ਰੱਦ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਤੇ ਇਸ ਵਿਰੋਧ ਪਿੱਛੇ ਵੀ ਇਨ੍ਹਾਂ ਦਾ ਹੀ ਹੱਥ ਹੈ। ਉਨ੍ਹਾਂ ਦੇ ਕਾਫਿਲੇ ‘ਤੇ ਜਿਸ ਤਰ੍ਹਾਂ ਪਹਿਲਾਂ ਹਮਲਾ ਕੀਤਾ ਗਿਆ ਸੀ ਬਿਲਕੁਲ ਉਸ ਤਰ੍ਹਾਂ ਦਾ ਹੀ ਮਾਹੌਲ ਹੁਣ ਬਣਾਇਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੌਜੂਦਾ ਕਾਂਗਰਸ ਸਰਕਾਰ ਨਾਲ ਕੋਈ ਸਬੰਧ ਨਹੀਂ ਹਨ ਜੇਕਰ ਹੁੰਦੇ ਤਾਂ ਉਹ ਸਾਰੇ ਲੋਕ ਜੇਲ੍ਹ ‘ਚ ਹੁੰਦੇ ਜਿਨ੍ਹਾਂ ਵੱਲੋਂ ਉਨ੍ਹਾਂ ‘ਤੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਅੱਜ ਵੀ ਪ੍ਰਸਾਸ਼ਨ ਅੱਗੇ ਕਾਰਵਾਈ ਦੀ ਅਪੀਲ ਕੀਤੀ ਜਾ ਰਹੀ ਹੈ।
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜੇਕਰ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਸਾਰੇ ਬਾਬਿਆਂ ਲਈ ਇੱਕ ਹੁਕਮਨਾਮਾ ਜਾਰੀ ਕਰ ਦੇਣ ਤੇ ਅਕਾਲ ਤਖਤ ਸਾਹਿਬ ਦੀ ਇੱਕ ਮਰਿਆਦਾ ਹੋਵੇ ਤਾਂ ਉਹ ਅਕਾਲ ਤਖਤ ਸਾਹਮਣੇ ਪੇਸ਼ ਹੋਣ ਲਈ ਤਿਆਰ ਹਨ।

Share this Article
Leave a comment