ਨਿਊਜ਼ ਡੈਸਕ: ਬਟਾਲਾ ਦੇ ਪਿੰਡ ਕੋਟਲਾ ਬੋਜਾ ਤੋਂ ਲੰਬੇ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਬਬਲੂ ਗੋਲੀ ਲੱਗਣ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।ਪੁਲਿਸ ਨੇ ਉਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਦੇ ਸਰੀਰ ਵਿੱਚੋਂ ਗੋਲੀ ਕੱਢ ਦਿੱਤੀ ਗਈ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਪੁਲਿਸ ਨੇ ਗੈਂਗਸਟਰ ਬਬਲੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਸ ਦਾ ਟਰਾਂਜ਼ਿਟ ਰਿਮਾਂਡ ਮੰਗਿਆ ਜਾਵੇਗਾ।
ਗੈਂਗਸਟਰ ਦੀ ਪਤਨੀ ਅਤੇ ਬੱਚੇ ਨੂੰ ਵੀ ਪੁਲਿਸ ਨੇ ਛੱਡ ਦਿਤਾ ਹੈ ਤੇ ਬੀਤੇ ਕਲ ਜੋ ਦੋ ਲੋਕ ਹੋਰ ਗਿਰਫ਼ਤਾਰ ਕੀਤੇ ਸਨ ਉਹਨਾਂ ਨੂੰ ਵੀ ਪੁਲਿਸ ਨੇ ਪੁੱਛਗਿਛ ਕਰਕੇ ਰਿਹਾਅ ਕਰ ਦਿੱਤਾ ਹੈ। ਬੀਤੇ ਦਿਨ ਬਟਾਲਾ ‘ਚ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਸੀ। ਪੁਲਿਸ ਨਾਲ ਕਈ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਖੇਤਾਂ ‘ਚ ਲੁਕੇ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ। ਦੱਸ ਦੇਈਏ ਕਿ ਥਾਣਾ ਰੰਗੜ ਨੰਗਲ ਦੇ ਐੱਸ. ਐੱਚ.ਓ. ਮਨਬੀਰ ਸਿੰਘ ਨੇ ਅੱਡਾ ਅੰਮੋਨੰਗਲ ਵਿਖੇ ਨਾਕਾਬੰਦੀ ਕੀਤੀ। ਜਿਸ ਦੌਰਾਨ ਕਾਬੂ ਕੀਤਾ ਗਿਆ ਗੈਂਗਸਟਰ ਕੱਲ੍ਹ ਆਪਣੀ ਪਤਨੀ ਨਾਲ ਬੱਚੇ ਨੂੰ ਸਕੂਲ ਛੱਡਣ ਲਈ ਜਾ ਰਿਹਾ ਸੀ। ਪਰ ਪੁਲਿਸ ਨੂੰ ਦੇਖ ਕੇ ਉਹ ਅਚਾਨਕ ਵਾਪਸ ਪਰਤ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਕੀਤਾ।
ਇਸ ਦੌਰਾਨ ਉਹ ਆਪਣਾ ਮੋਟਰਸਾਈਕਲ ਅਤੇ ਪਤਨੀ ਅਤੇ ਬੱਚੇ ਨੂੰ ਛੱਡ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪਿੰਡ ਕੋਟਲਾ ਬੋਜਾ ਸਿੰਘ ਵਿਖੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਝੜਪ ਹੋ ਗਈ। ਇਸ ਮੁਕਾਬਲੇ ਦੌਰਾਨ ਦੋਵਾਂ ਪਾਸਿਆਂ ਤੋਂ 60 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ।