ਚੰਡੀਗੜ੍ਹ: ਚੰਡੀਗੜ੍ਹ ਦੇ ਆਈਟੀ ਪਾਰਕ ਵਿੱਚ ਭਾਰਤ ਦੀ ਅਗਵਾਈ ਹੇਠ ਅੱਜ ਤੋਂ ਦੋ ਰੋਜ਼ਾ ਜੀ-20 ਵਾਰਤਾ ਸ਼ੁਰੂ ਹੋਏਗੀ। ਮੀਟਿੰਗ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਤੋਮਰ ਤੇ ਫੂਡ ਪ੍ਰੋਸੈਸਿੰਗ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਕਰਨਗੇ। ਉਦਘਾਟਨ ਲਈ ਉਹ ਐਤਵਾਰ ਸ਼ਾਮ ਚੰਡੀਗੜ੍ਹ ਪੁੱਜ ਗਏ ਸਨ।
ਦੱਸ ਦਈਏ ਕਿ 30 ਤੇ 31 ਜਨਵਰੀ ਨੂੰ ਹੋਣ ਵਾਲੇ ਜੀ-20 ਸੰਮੇਲਨ ਦੀ ਇੰਟਰਨੈਸ਼ਨਲ ਫਾਇਨਾਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ ਅੱਜ ਤੋਂ ਸ਼ੁਰੂ ਹੋਵੇਗੀ। ਜਾਣਕਾਰੀ ਮੁਤਾਬਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਜੀ-20 ਮੁਲਕਾਂ ਦੇ 100 ਦੇ ਕਰੀਬ ਡੈਲੀਗੇਟ ਵੀ ਚੰਡੀਗੜ੍ਹ ਪਹੁੰਚ ਗਏ ਹਨ।
ਇਸ ਸਬੰਧੀ ਕੇਂਦਰ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜੀ-20 ਇੰਟਰਨੈਸ਼ਨਲ ਫਾਇਨਾਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦਾ ਮੁੱਖ ਮਕਸਦ ਕੌਮਾਂਤਰੀ ਵਿੱਤੀ ਢਾਂਚੇ ਦੀ ਮਜ਼ਬੂਤੀ ਤੇ ਕਮਜ਼ੋਰ ਦੇਸ਼ਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਕੌਮਾਂਤਰੀ ਵਿੱਤੀ ਢਾਂਚੇ ਦੀ ਸਥਿਰਤਾ ਤੇ ਏਕਤਾ ਨੂੰ ਵਧਾਉਣ ਦੇ ਤਰੀਕਿਆਂ ਤੇ 21ਵੀਂ ਸਦੀ ਦੀਆਂ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਰੀਬ ਤੇ ਕਮਜ਼ੋਰ ਮੁਲਕਾਂ ਦੀ ਵੱਧ ਤੋਂ ਵੱਧ ਸਹਾਇਤਾ ਦੇ ਮੌਕੇ ਲੱਭਣ ’ਤੇ ਵੀ ਧਿਆਨ ਦਿੱਤਾ ਜਾਵੇਗਾ।