ਵਾਸ਼ਿੰਗਟਨ : ਅਮਰੀਕਾ ਵਿਦੇਸ਼ੀ ਯਾਤਰੀਆਂ ਲਈ ਜਲਦ ਹੀ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਅਮਰੀਕਾ ਦੇ ਵਿੱਤ ਮੰਤਰੀ ਨੇ ਕਿਹਾ ਕਿ ਅਮਰੀਕਾ ਨਵੰਬਰ ਦੇ ਪਹਿਲੇ ਹਫ਼ਤੇ ਆਪਣੇ ਜ਼ਿਆਦਾਤਰ ਹਵਾਈ ਅੱਡੇ ਤੋਂ ਵਿਦੇਸ਼ੀ ਉਡਾਣਾਂ ਸ਼ੁਰੂ ਕਰ ਦੇਵੇਗਾ। ਅਮਰੀਕਾ ਦੀ ਯਾਤਰਾ ਸਿਰਫ਼ ਉਹੀ ਲੋਕ ਕਰ ਸਕਣਗੇ, ਜਿਹੜੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ।
ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਾਰਚ 2020 ’ਚ ਹੋਰਨਾਂ ਮੁਲਕਾਂ ਦੀ ਤਰ੍ਹਾਂ ਅਮਰੀਕਾ ਨੇ ਵੀ ਆਪਣੀਆਂ ਕੌਮਾਂਤਰੀ ਸਰਹੱਦਾਂ ਬੰਦ ਕਰ ਦਿੱਤੀਆਂ ਸਨ ਅਤੇ ਵਿਦੇਸ਼ੀ ਨਾਗਰਿਕਾਂ ਲਈ ਅਮਰੀਕਾ ਆਉਣ ’ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਹੁਣ ਭਾਰਤ, ਚੀਨ, ਸਾਊਥ ਅਫ਼ਰੀਕਾ, ਬ੍ਰਾਜ਼ੀਲ ਸਣੇ ਯੂਰਪ ਦੇ 33 ਦੇਸ਼ਾਂ ਲਈ ਅਮਰੀਕਾ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦੇ ਚਲਦਿਆਂ ਵਿਸ਼ਵ ਦੀ ਅਰਥਵਿਵਸਥਾ ਲੀਹ ਤੋਂ ਲੱਥ ਗਈ ਹੈ। ਰੋਜ਼ਗਾਰ ਬੰਦ ਹੋ ਗਏ ਹਨ ਅਤੇ ਕਈ ਦੇਸ਼ਾਂ ਦੀ ਜੀਡੀਪੀ ਹੇਠਲੇ ਪੱਧਰ ’ਤੇ ਪਹੁੰਚ ਚੁੱਕੀ ਹੈ। ਅਜਿਹੇ ਵਿੱਚ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਦਾ ਹੋਇਆ ਹੈ, ਜਿਨ੍ਹਾਂ ਦੀ ਰੋਜ਼ੀ-ਰੋਟੀ ਸੈਲਾਨੀਆਂ ਦੇ ਸਹਾਰੇ ਚਲਦੀ ਹੈ।