CBI ਨੂੰ ਮਿਲੀ ਵੱਡੀ ਸਫਲਤਾ! ਯੂ.ਏ.ਈ ਤੋਂ ਭਾਰਤ ਲਿਆਂਦਾ ਗਿਆ ਭਗੌੜਾ ਅਨਿਲ ਰੈੱਡੀ

Global Team
2 Min Read

ਨਵੀ ਦਿੱਲੀ : ਵਿਦੇਸ਼ਾਂ ‘ਚ ਲੁਕੇ ਅਪਰਾਧੀਆਂ ਨੂੰ ਫੜਨ ਵਿੱਚ ਭਾਰਤੀ ਜਾਂਚ ਏਜੰਸੀਆਂ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ। ਕੇਂਦਰੀ ਜਾਂਚ ਬਿਊਰੋ (CBI) ਨੂੰ ਇੰਟਰਪੋਲ ਦੀ ਮਦਦ ਨਾਲ ਸੰਯੁਕਤ ਅਰਬ ਅਮੀਰਾਤ (UAE) ਵਿੱਚ ਲੁਕੇ ਲੋੜੀਂਦੇ ਭਗੌੜੇ ਅਨਿਲ ਕੁਮਾਰ ਰੈੱਡੀ ਨੂੰ ਭਾਰਤ ਲਿਆਉਣ ਵਿੱਚ ਸਫਲਤਾ ਮਿਲੀ ਹੈ।

ਇਹ ਅਪਰਾਧੀ ਆਂਧਰਾ ਪ੍ਰਦੇਸ਼ ਵਿੱਚ ਕਈ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਹੈ। ਅਨਿਲ ਕੁਮਾਰ ਰੈੱਡੀ ‘ਤੇ ਧੋਖਾਧੜੀ ਅਤੇ ਅਪਰਾਧਿਕ ਧਮਕੀਆਂ ਦੇਣ ਵਰਗੇ ਕਈ ਗੰਭੀਰ ਦੋਸ਼ ਹਨ। ਆਂਧਰਾ ਪ੍ਰਦੇਸ਼ ਪੁਲਿਸ ਨੂੰ ਲੰਬੇ ਸਮੇਂ ਤੋਂ ਉਸ ਦੀ ਭਾਲ ਸੀ। ਉਹ ਕਾਨੂੰਨ ਤੋਂ ਬਚਣ ਲਈ ਯੂ.ਏ.ਈ. ਵਿੱਚ ਜਾ ਕੇ ਲੁਕ ਗਿਆ ਸੀ।

ਆਂਧਰਾ ਪ੍ਰਦੇਸ਼ ਪੁਲਿਸ ਦੀ ਬੇਨਤੀ ‘ਤੇ ਸੀ.ਬੀ.ਆਈ. ਨੇ 5 ਸਤੰਬਰ 2022 ਨੂੰ ਅਨਿਲ ਰੈੱਡੀ ਦੇ ਖ਼ਿਲਾਫ਼ ਇੰਟਰਪੋਲ ਰੈੱਡ ਨੋਟਿਸ ਜਾਰੀ ਕਰਵਾਇਆ ਸੀ। ਸੀ.ਬੀ.ਆਈ. ਦੀ ਵਿਸ਼ੇਸ਼ ਯੂਨਿਟ ਨੇ ਵਿਦੇਸ਼ ਮੰਤਰਾਲੇ ਅਤੇ ਅਬੂ ਧਾਬੀ ਦੇ ਅਧਿਕਾਰੀਆਂ ਨਾਲ ਮਿਲ ਕੇ ਇਹ ਕਾਰਵਾਈ ਕੀਤੀ। ਇਸੇ ਰੈੱਡ ਨੋਟਿਸ ਦੇ ਆਧਾਰ ‘ਤੇ ਯੂ.ਏ.ਈ ਦੇ ਅਧਿਕਾਰੀਆਂ ਨੇ ਅਨਿਲ ਰੈੱਡੀ ਨੂੰ ਆਪਣੇ ਦੇਸ਼ ਵਿੱਚ ਕਾਬੂ ਕਰ ਲਿਆ।

ਗ੍ਰਿਫ਼ਤਾਰੀ ਤੋਂ ਬਾਅਦ ਯੂ.ਏ.ਈ. ਨੇ ਉਸ ਨੂੰ ਭਾਰਤ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ। ਵੀਰਵਾਰ ਨੂੰ ਦੁਬਈ ਪੁਲਿਸ ਦੀ ਇੱਕ ਟੀਮ ਉਸ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈ ਕੇ ਆਈ। ਇੱਥੇ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਆਂਧਰਾ ਪ੍ਰਦੇਸ਼ ਪੁਲਿਸ ਦੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ।

ਦੱਸ ਦਈਏ ਕਿ ਰੈੱਡ ਨੋਟਿਸ ਅੰਤਰਰਾਸ਼ਟਰੀ ਪੱਧਰ ‘ਤੇ ਜਾਰੀ ਕੀਤੀ ਗਈ ਉਹ ਸੂਚਨਾ ਹੈ, ਜਿਸ ਰਾਹੀਂ ਦੁਨੀਆ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਲੋੜੀਂਦੇ ਅਪਰਾਧੀਆਂ ਦੀ ਭਾਲ ਅਤੇ ਗ੍ਰਿਫ਼ਤਾਰੀ ਲਈ ਸੁਚੇਤ ਕੀਤਾ ਜਾਂਦਾ ਹੈ। ਇਸ ਕਾਰਵਾਈ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਗੰਭੀਰ ਆਰਥਿਕ ਅਤੇ ਅਪਰਾਧਿਕ ਮਾਮਲਿਆਂ ਵਿੱਚ ਫਰਾਰ ਮੁਲਜ਼ਮਾਂ ਲਈ ਹੁਣ ਵਿਦੇਸ਼ਾਂ ਵਿੱਚ ਸ਼ਰਨ ਲੈਣਾ ਸੁਰੱਖਿਅਤ ਵਿਕਲਪ ਨਹੀਂ ਰਿਹਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment