ਲਖੀਮਪੁਰ: ਲਖੀਮਪੁਰ ਹਿੰਸਾ ਮਾਮਲੇ ਦੀ ਫੋਰੈਂਸਿਕ ਰਿਪੋਰਟ ਆ ਗਈ ਹੈ, ਜਿਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਐਫਐਸਐਲ ਦੀ ਰਿਪੋਰਟ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਰਿਵਾਲਵਰ ਅਤੇ ਰਾਈਫਲ ਤੋਂ ਗੋਲੀਆਂ ਚੱਲਣ ਦੀ ਪੁਸ਼ਟੀ ਹੋਈ ਹੈ।
ਪੁਲਿਸ ਨੇ ਆਸ਼ੀਸ਼ ਮਿਸ਼ਰਾ ਤੇ ਉਸ ਦੇ ਦੋਸਤ ਅੰਕਿਤ ਦਾਸ ਦੇ 4 ਹਥਿਆਰ ਜ਼ਬਤ ਕੀਤੇ ਸਨ। ਇਨ੍ਹਾਂ ਵਿੱਚ ਆਸ਼ੀਸ਼ ਦੀ ਰਾਈਫਲ ਅਤੇ ਰਿਵਾਲਵਰ ਤੇ ਅੰਕਿਤ ਦਾਸ ਦੀ ਰਿਪੀਟਰ ਗਨ ਤੇ ਪਿਸਟਲ ਸ਼ਾਮਲ ਸੀ। ਪੁਲਿਸ ਨੇ ਚਾਰੇ ਹਥਿਆਰਾਂ ਦੀ ਐਫਐਸਐਲ ਰਿਪੋਰਟ ਮੰਗੀ ਸੀ। ਰਿਪੋਰਟ ਵਿੱਚ ਇਨ੍ਹਾਂ ਹੀ ਹਥਿਆਰਾਂ ਤੋਂ ਗੋਲੀਬਾਰੀ ਹੋਣ ਦੀ ਪੁਸ਼ਟੀ ਹੋਈ ਹੈ।
ਦੱਸ ਦਈਏ ਕਿ ਤਿੰਨ ਅਕਤੂਬਰ ਨੂੰ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਵਿਰੋਧ ਕਰਦੇ ਹੋਏ ਕਾਲੇ ਝੰਡੇ ਦਿਖਾਏ ਸਨ। ਇਸੇ ਦੌਰਾਨ ਇੱਕ ਗੱਡੀ ਨੇ ਕਿਸਾਨਾਂ ਨੂੰ ਦਰੜ ਦਿੱਤਾ ਸੀ। ਇਸ ਵਿੱਚ 4 ਕਿਸਾਨਾਂ ਦੀ ਮੌਤ ਹੋ ਗਈ ਸੀ ਤੇ ਕਈ ਕਿਸਾਨ ਜ਼ਖਮੀ ਹੋ ਗਏ ਸਨ। ਇਸ ਕਾਰਨ ਹਿੰਸਾ ਭੜਕ ਗਈ ਸੀ, ਜਿਸ ਵਿੱਚ ਇੱਕ ਡਰਾਈਵਰ ਸਣੇ 4 ਲੋਕਾਂ ਦੀ ਮੌਤ ਹੋ ਗਈ ਸੀ।