ਚੰਡੀਗੜ੍ਹ, (ਅਵਤਾਰ ਸਿੰਘ): ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਸੀਤ ਲਹਿਰ ਦੀ ਜਕੜ ਹੋਰ ਵੱਧ ਗਈ ਹੈ। ਇਸ ਨਾਲ ਆਮ ਜਨ-ਜੀਵਨ ਵਿੱਚ ਕੁਝ ਠਹਿਰਾਅ ਆ ਗਿਆ ਹੈ। ਕੜਾਕੇ ਦੀ ਠੰਢ ਹੋਣ ਕਾਰਨ ਲੋਕ ਘਰਾਂ ਵਿਚੋਂ ਘੱਟ ਬਾਹਰ ਨਿਕਲ ਰਹੇ ਹਨ। ਸਵੇਰ ਤੋਂ ਦੇਰ ਰਾਤ ਤੱਕ ਬਰਫੀਲੀਆਂ ਹਵਾਵਾਂ ਚੱਲ ਰਹੀਆਂ ਹਨ।
ਪੰਜਾਬ ਦੇ ਆਦਮਪੁਰ ‘ਚ ਪਾਰਾ ਮਨਫ਼ੀ 1.9 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਹੈ।
ਇਸੇ ਤਰ੍ਹਾਂ ਪੰਜਾਬ ਦੇ ਸ਼ਹਿਰਾਂ ਅੰਮ੍ਰਿਤਸਰ ਦਾ ਤਾਪਮਾਨ 0.6 ਅਤੇ ਹਲਵਾਰਾ ਵਿੱਚ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਹੋਰ ਸ਼ਹਿਰਾਂ ਫ਼ਰੀਦਕੋਟ, ਪਠਾਨਕੋਟ, ਬਠਿੰਡਾ, ਲੁਧਿਆਣਾ, ਪਟਿਆਲਾ ਤੇ ਗੁਰਦਾਸਪੁਰ ਵਿੱਚ ਵੀ ਤਾਪਮਾਨ ਕ੍ਰਮਵਾਰ 1.0, 2.2, 2.6, 2.8, 4 ਤੇ 4.1 ਡਿਗਰੀ ਸੈਲਸੀਅਸ ਰਿਹਾ। ਅਜੇ ਠੰਢ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ।