ਫਰਿਜ਼ਨੋ (ਕੈਲੀਫੋਰਨੀਆਂ) ਕੁਲਵੰਤ ਉੱਭੀ ਧਾਲੀਆਂ / ਨੀਟਾ ਮਾਛੀਕੇ:- ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਹੋਇਆ। ਜਿਸ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਦੀ ਸਮਾਪਤੀ ਬਾਅਦ ਹੋਈ। ਗੁਰੂਘਰ ਵਿਖੇ ਹਾਜ਼ਰ ਬਹੁਤ ਸਾਰੇ ਕੀਰਤਨੀ ਜੱਥਿਆ ਅਤੇ ਕਥਾਕਾਰਾਂ ਨੇ ਸੰਗਤਾਂ ਨੂੰ ਨਿਰੋਲ ਗੁਰਬਾਣੀ ਨਾਲ ਨਿਹਾਲ ਕੀਤਾ। ਗੁਰੂਘਰ ਦੇ ਬਾਹਰ ਨਗਰ ਕੀਰਤਨ ਵਿੱਚ ਸਾਮਲ ਸੰਗਤਾਂ ਕੇਸਰੀ, ਨੀਲੀਆਂ, ਹਰੀਆਂ, ਪੀਲੀਆਂ ਅਤੇ ਹੋਰ ਬਹੁਤ ਰੰਗਾ ਦੇ ਨਜ਼ਾਰੇ ਪੇਸ਼ ਕਰਦੀਆਂ ਦਸਤਾਰਾ ਅਤੇ ਦੁਪੱਟਿਆ ਨੇ ਜਿਵੇਂ ਸਾਰੇ ਫਰਿਜ਼ਨੋ ਸ਼ਹਿਰ ਨੂੰ ਹੀ ਖਾਲਸਾਈ ਰੰਗ ਵਿੱਚ ਰੰਗ ਦਿੱਤਾ ਹੋਵੇ। ਟਰੱਕਾਂ ਤੇ ਸਜੇ ਹੋਏ ਵੱਖੋ ਵੱਖ ਤਰ੍ਹਾਂ ਦੇ ਸੁਨੇਹੇ ਪੇਸ਼ ਕਰਦੇ ਫਲੋਟਾ ਨੇ ਵਿਲੱਖਣ ਨਜਾਰਾ ਪੇਸ਼ ਕੀਤਾ। ਬੱਚਿਆ ਦੇ ਗੱਤਕਾ ਗਰੁੱਪਾ ਦੁਆਰਾ ਆਪਣੀ ਇਸ ਕਲਾ ਦਾ ਖੁਲ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਦੁਕਾਨਦਾਰਾ ਵੱਲੋਂ ਅਨੇਕਾ ਦੁਕਾਨਾਂ ਵੀ ਸੰਗਤਾ ਲਈ ਖਿੱਚ ਦਾ ਕੇਂਦਰ ਬਣੀਆਂ ਨਜ਼ਰ ਆ ਰਹੀਆਂ ਸਨ। ਲਾਉਡ ਸਪੀਕਰਾ ਵਿੱਚ ਗੂੰਜਦੇ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਜਿਵੇਂ ਅਸਮਾਨ ਗੂੰਜ ਰਿਹਾ ਸੀ।
ਨਗਰ ਕੀਰਤਨ ਦੀ ਸ਼ੁਰੂਆਤ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਸਭ ਤੋਂ ਮੂਹਰੇ ਨਗਾਰਾ ਫਿਰ ਅਮੈਰੀਕਨ ਝੰਡਾ, ਕੈਲੀਫੋਰਨੀਆਂ ਦਾ ਝੰਡਾ ਅਤੇ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਦੁਆਰਾ ਅਗਵਾਈ ਕਰਦੇ ਹੋਏ ਪੰਜ ਪਿਆਰੇ ਕਰ ਰਹੇ ਸਨ। ਖੂਬਸੂਰਤ ਤਰੀਕੇ ਨਾਲ ਸਜੇ ਫਲੋਟ ਉਪਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਪਾਲਕੀ ਵਿੱਚ ਸ਼ਸੋਭਿਤ ਸਨ। ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸੰਗਤਾਂ ਭਾਰੀ ਉਤਸਾਹ ਅਤੇ ਸਰਧਾ ਨਾਲ ਪਾਲਕੀ ਸਾਹਿਬ ਦੇ ਪਿਛੇ ਪੈਦਲ ਸਬਦ ਗਾਇਨ ਕਰਦੀਆਂ ਜਾ ਰਹੀਆਂ ਸਨ। ਜਿਸ ਬਾਅਦ ਵੱਖਰੀਆਂ-ਵੱਖਰੀਆਂ ਝਾਕੀਆਂ ਰਾਹੀ ਸਿੱਖ ਇਤਿਹਾਸ ਦੀ ਅਗਵਾਈ ਕਰਦੇ ਫਲੋਟ ਚਲ ਰਹੇ ਸਨ। ਕੈਲੇਫੋਰਨੀਆਂ ਗਤਕਾ ਦਲ ਦੇ ਸਿੰਘਾ ਦੇ ਜਬਰਦਸਤ ਗੱਤਕੇ ਦੇ ਜੌਹਰ ਵੀ ਵੇਖਣ ਯੋਗ ਸਨ। ਇਸ ਸਮੇਂ ਪੰਜਾਬ ਤੋਂ ਮੰਗਵਾਏ ਟਰੈਕਟਰ ਅਤੇ ਟ੍ਰਾਲੀਆਂ ਤੋਂ ਇਲਾਵਾ ਘੋੜ ਸਵਾਰ ਵੀ ਨਗਰ ਕੀਰਤਨ ਦਾ ਸ਼ਿੰਗਾਰ ਬਣ ਰਹੇ ਸਨ। ਇਸ ਸਮੇਂ ਬਹੁਤ ਸਾਰੇ ਬੁੱਧੀਜੀਵੀਆਂ ਨੇ ਗੁਰਮਤਿ ਵਿਚਾਰਾ ਦੀ ਸਾਂਝ ਪਾਈ। ਇਸ ਸਮੇਂ ਗੁਰੂਘਰ ਅਤੇ ਹੋਰ ਵੱਖ-ਵੱਖ ਸੰਸਥਾਵਾ ਵੱਲੋਂ ਗੁਰੂ ਦੇ ਲੰਗਰ ਅਤੁੱਟ ਵਰਤੇ। ਅੰਤ ਆਪਣੀਆਂ ਅਮਿੱਟ ਪੈੜਾ ਛੱਡਦਾ ਨਗਰ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆ।