ਵਿਜੀਲੈਂਸ ਬਿਊਰੋ ਨੇ ਬਲਬੀਰ ਸਿੱਧੂ ਨੂੰ ਕੀਤਾ ਤਲਬ

Rajneet Kaur
2 Min Read

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੂੰ ਸਰੋਤਾਂ ਤੋਂ ਵੱਧ ਆਮਦਨ ਮਾਮਲੇ ਵਿੱਚ ਚੱਲ ਰਹੀ ਤਫ਼ਤੀਸ਼ ਲਈ 21 ਅਪਰੈਲ ਨੂੰ ਤਲਬ ਕੀਤਾ ਹੈ। ਦੱਸ ਦਈਏ ਕਿ ਕਰੀਬ 1 ਮਹੀਨਾ ਪਹਿਲਾਂ ਬਲਬੀਰ ਸਿੰਘ ਸਿੱਧੂ ਦੀ ਜਾਇਦਾਦ ਅਤੇ ਉਨ੍ਹਾਂ ਦੇ ਖਾਤੇ ਦੀ ਜਾਂਚ ਸ਼ੁਰੂ ਹੋਈ ਸੀ।  ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਬਲਬੀਰ ਸਿੱਧੂ ਦੇ ਕਈ ਰਿਕਾਰਡ ਮੰਗਵਾਏ ਗਏ ਹਨ, ਹੁਣ 21 ਤਰੀਕ ਨੂੰ ਉਨ੍ਹਾਂ ਦੀ ਕਰਾਸ ਚੈਕਿੰਗ ਕੀਤੀ ਜਾਵੇਗੀ।

ਵਿਜੀਲੈਂਸ ਦੀ ਮੁੱਢਲੀ ਰਿਪੋਰਟ ਅਨੁਸਾਰ  ਬਿਊਰੋ ਨੇ ਮੁਹਾਲੀ ਦੇ ਮੇਅਰ ਵੱਲੋਂ ਬਣਾਈਆਂ ਨਾਮੀ ਬੇਨਾਮੀ ਜਾਇਦਾਦਾਂ ਦੀ ਸੂਚੀ ਹੀ ਤਿਆਰ ਨਹੀਂ ਕੀਤੀ ਸਗੋਂ ਜ਼ਮੀਨਾਂ ’ਤੇ ਕਬਜ਼ੇ, ਮੁਹਾਲੀ ਨਗਰ ਨਿਗਮ ਵੱਲੋਂ ਕੀਤੇ ਵਿਕਾਸ ਕਾਰਜਾਂ ਵਿੱਚ ਗੜਬੜੀਆਂ ਅਤੇ ਹੋਰ ਤੱਥ ਵੀ ਇੱਕਠੇ ਕੀਤੇ ਹਨ।  ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਧੂ ਭਰਾਵਾਂ ਨੇ ਆਪਣੇ ਸਰਕਾਰੀ ਰੁਤਬੇ ਦੀ ਦੁਰਵਰਤੋਂ ਕਰਕੇ ਮੁਹਾਲੀ, ਰੋਪੜ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ’ਚ ਜਾਇਦਾਦਾਂ ਬਣਾਈਆਂ ਹਨ। ਬਲਬੀਰ ਸਿੰਘ ਸਿੱਧੂ ਇਸ ਸਮੇਂ ਜਲੰਧਰ ਉਪ ਚੋਣ ਵਿੱਚ ਆਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਬਲਬੀਰ ਸਿੱਧੂ ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀਆਂ ਦੀ ਲੰਬੀ ਸੂਚੀ ਵਿੱਚ ਸ਼ਾਮਲ ਹਨ ਜੋ ਵਿਜੀਲੈਂਸ ਬਿਊਰੋ ਦੁਆਰਾ ਵੱਖ-ਵੱਖ ਜਾਂਚਾਂ ਦਾ ਸਾਹਮਣਾ ਕਰ ਰਹੇ ਹਨ।ਪੰਜਾਬ ਵਿੱਚ ਸੱਤਾ ਆਮ ਆਦਮੀ ਪਾਰਟੀ ਦੇ ਹੱਥ ਆਈ ਤਾਂ ਬਲਬੀਰ ਸਿੱਧੂ ਅਤੇ ਉਨ੍ਹਾਂ ਦੇ ਮੇਅਰ ਭਰਾ ਨੇ ਭਾਜਪਾ ਦਾ ਪੱਲਾ ਫੜ ਲਿਆ ਸੀ। ਵਿਜੀਲੈਂਸ ਵੱਲੋਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਮੂਲੀਅਤ ਕਰਨ ਵਾਲੇ ਤੀਜੇ ਸਾਬਕਾ ਮੰਤਰੀ ਖਿਲਾਫ਼ ਜਾਂਚ ਆਰੰਭੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment