ਨਿਊਜ਼ ਡੈਸਕ: ਡੋਨਾਲਡ ਟਰੰਪ ਦੀ ਸੱਤਾ ‘ਚ ਵਾਪਸੀ ਅਤੇ ਟੈਰਿਫ ‘ਚ ਵਾਧੇ ਤੋਂ ਬਾਅਦ ਅਮਰੀਕਾ ਅਤੇ ਯੂਰਪ ਦੇ ਰਿਸ਼ਤੇ ਲਗਾਤਾਰ ਤਣਾਅਪੂਰਨ ਹੁੰਦੇ ਜਾ ਰਹੇ ਹਨ। ਹਾਲ ਹੀ ‘ਚ ਫਰਾਂਸ ਦੇ ਇਕ ਨੇਤਾ ਨੇ ਅਮਰੀਕਾ ਤੋਂ ਮਸ਼ਹੂਰ ‘ਸਟੈਚੂ ਆਫ ਲਿਬਰਟੀ’ ਨੂੰ ਵਾਪਿਸ ਕਰਨ ਦੀ ਮੰਗ ਕੀਤੀ ਹੈ, ਜੋ 1886 ‘ਚ ਫਰਾਂਸ ਨੇ ਅਮਰੀਕਾ ਨੂੰ ਤੋਹਫੇ ਵਜੋਂ ਦਿੱਤੀ ਸੀ। ਅਮਰੀਕਾ ਨੇ ਇਸ ਮੰਗ ਦਾ ਤਿੱਖਾ ਜਵਾਬ ਦਿੱਤਾ ਹੈ।
ਅਮਰੀਕਾ ਵੱਲੋਂ ਸਟੈਚੂ ਆਫ਼ ਲਿਬਰਟੀ ਨੂੰ ਵਾਪਿਸ ਕਰਨ ਦੀ ਫਰਾਂਸੀਸੀ ਸਿਆਸਤਦਾਨ ਦੀ ਮੰਗ ਦੇ ਜਵਾਬ ਵਿੱਚ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ, “ਬਿਲਕੁਲ ਨਹੀਂ। ਉਨ੍ਹਾਂ ਕਿਹਾ ਕਿ ਫਰਾਂਸੀਸੀ ਸਿਆਸਤਦਾਨ ਨੂੰ ਉਨ੍ਹਾਂ ਦੀ ਸਲਾਹ ਇਹ ਹੋਵੇਗੀ ਕਿ ਉਹ ਉਸ ਨੂੰ ਯਾਦ ਦਿਵਾਏ ਕਿ ਇਹ ਸਿਰਫ਼ ਅਮਰੀਕਾ ਦੇ ਕਾਰਨ ਹੈ ਕਿ ਫਰਾਂਸੀਸੀ ਲੋਕ ਇਸ ਸਮੇਂ ਜਰਮਨ ਨਹੀਂ ਬੋਲ ਰਹੇ ਹਨ। ਉਨ੍ਹਾਂ ਨੂੰ ਸਾਡੇ ਮਹਾਨ ਦੇਸ਼ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।”
ਦਰਅਸਲ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਦੀ ਨਾਜ਼ੀ ਫੌਜ ਨੇ ਬਹੁਤ ਹੀ ਘੱਟ ਸਮੇਂ ਵਿੱਚ ਫਰਾਂਸ ਨੂੰ ਜਿੱਤ ਲਿਆ ਸੀ। ਮੰਨਿਆ ਜਾਂਦਾ ਹੈ ਕਿ ਫਰਾਂਸੀਸੀ ਫੌਜ ਨੇ ਹਿਟਲਰ ਦੀ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਜਰਮਨੀ ਨੇ ਪੈਰਿਸ ਸਮੇਤ ਫਰਾਂਸ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉਥੇ ਆਪਣੀ ਪਸੰਦ ਦੀ ਸਰਕਾਰ ਵੀ ਸਥਾਪਿਤ ਕਰ ਲਈ ਸੀ। 1944 ਵਿੱਚ ਮਿੱਤਰ ਦੇਸ਼ਾਂ ਦੇ ਹਮਲੇ ਤੋਂ ਬਾਅਦ ਫਰਾਂਸ ਨੂੰ ਆਜ਼ਾਦੀ ਮਿਲੀ। ਇਸ ਵਿੱਚ ਅਮਰੀਕੀ ਫੌਜ ਦਾ ਅਹਿਮ ਯੋਗਦਾਨ ਸੀ।
ਸਟੈਚੂ ਆਫ ਲਿਬਰਟੀ ਨਿਊਯਾਰਕ ਦੇ ਬੰਦਰਗਾਹ ਵਿੱਚ ਸਥਿਤ ਇੱਕ ਮਸ਼ਹੂਰ ਵਿਸ਼ਾਲ ਮੂਰਤੀ ਹੈ। ਇਸ ਦੀ ਲੰਬਾਈ 151 ਫੁੱਟ ਹੈ। ਹਾਲਾਂਕਿ ਨੀਂਹ ਪੱਥਰ ਸਮੇਤ ਇਹ ਮੂਰਤੀ 305 ਫੁੱਟ ਉੱਚੀ ਹੈ। ਸਟੈਚੂ ਆਫ਼ ਲਿਬਰਟੀ ਦਾ ਉਦਘਾਟਨ 28 ਅਕਤੂਬਰ 1886 ਨੂੰ ਕੀਤਾ ਗਿਆ ਸੀ। ਇਹ ਮੂਰਤੀ ਅਮਰੀਕੀ ਕ੍ਰਾਂਤੀ ਦੌਰਾਨ ਫਰਾਂਸ ਅਤੇ ਅਮਰੀਕਾ ਦੀ ਦੋਸਤੀ ਦਾ ਪ੍ਰਤੀਕ ਹੈ। ਫਰਾਂਸ ਨੇ ਇਹ ਮੂਰਤੀ ਸਾਲ 1886 ਵਿੱਚ ਅਮਰੀਕਾ ਨੂੰ ਤੋਹਫ਼ੇ ਵਿੱਚ ਦਿੱਤੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।