ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ? ਕਿੰਨੀ ਸੱਚੀ ? ਇਹ ਸਵਾਲ ਕੌਮਾਂਤਰੀ ਪੱਧਰ ’ਤੇ ਮੀਡੀਆ ਹਲਕਿਆਂ ਵਿਚ ਬਹਿਸ ਦਾ ਵੱਡਾ ਮੁੱਦਾ ਬਣਿਆ ਪਿਆ ਹੈ। ਭਾਰਤ ਜਿਹੜਾ ਕਿ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਜਮਹੂਰੀ ਮੁਲਕ ਆਖਦਾ ਥੱਕਦਾ ਨਹੀਂ ਹੈ, ਉਸ ਮੁਲਕ ਬਾਰੇ ਅਜਿਹਾ ਸਵਾਲ ਕਿਉਂ? ਇਸ ਦਾ ਬੜਾ ਸਪਸ਼ਟ ਜਿਹਾ ਜਵਾਬ ਹੈ ਕਿ ਤਿੰਨ ਮਈ ਨੂੰ ਮੀਡੀਆ ਦੇ ਆਜ਼ਾਦੀ ਦਿਵਸ ਦੇ ਮੌਕੇ ਉਪਰ ਕੌਮਾਂਤਰੀ ਪੱਧਰ ਦੀ ਸੰਸਥਾ ਰਿਪੋਟਰਸ ਵਿਦਾਊਟ ਬਾਰਡਰਸ ਦੀ ਰਿਪੋਰਟ ਨੇ ਇਹ ਸਵਾਲ ਉਠਾਇਆ ਹੈ। ਇਸ ਰਿਪੋਰਟ ਮੁਤਾਬਕ ਮੀਡੀਆ ਦੀ ਆਜ਼ਾਦੀ ਦੇ ਸੰਬੰਧ ਵਿਚ ਭਾਰਤ ਦਾ 180 ਮੁਲਕਾਂ ਵਿਚੋਂ 161ਵਾਂ ਸਥਾਨ ਹੈ। ਕਿਹਾ ਜਾ ਸਕਦਾ ਹੈ ਕਿ ਕੁੱਝ ਮੁਲਕਾਂ ਨੂੰ ਛੱਡ ਕੇ ਭਾਰਤ ਅਜਿਹਾ ਦੇਸ਼ ਬਣ ਗਿਆ ਹੈ ਜਿਥੇ ਮੀਡੀਆ ਦੀ ਆਜ਼ਾਦੀ ਦੀ ਹਾਲਤ ਸਭ ਤੋਂ ਮਾੜੀ ਹੈ। ਇਸ ਸੰਸਥਾ ਵੱਲੋਂ ਇਹ ਰਿਪੋਰਟ 2023 ਲਈ ਜਾਰੀ ਕੀਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੱਖ-ਵੱਖ ਮੁਲਕਾਂ ਅੰਦਰ ਸਰਕਾਰਾਂ ਅਤੇ ਸਮਾਜ ਦੇ ਵਤੀਰਿਆਂ ਨੂੰ ਲੈ ਕੇ ਇਕੱਠੇ ਕੀਤੇ ਤੱਥਾਂ ਦੇ ਅਧਾਰ ਉਤੇ ਭਾਰਤ ਬਾਰੇ ਟਿੱਪਣੀ ਕੀਤੀ ਗਈ ਹੈ। ਹਾਲਾਂਕਿ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਇਸ ਰਿਪੋਰਟ ਨੂੰ ਰੱਦ ਕੀਤਾ ਗਿਆ ਹੈ। ਇਸ ਦੇ ਬਾਵਜੂਦ ਭਾਰਤ ਅੰਦਰ ਇਸ ਰਿਪੋਰਟ ਵਿਚ ਪੇਸ਼ ਕੀਤੇ ਗਏ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਵੱਖ ਵੱਖ ਧਿਰਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਜਿਥੋਂ ਤੱਕ ਰਿਪੋਰਟ ਅੰਦਰ ਸਰਕਾਰਾਂ ਬਾਰੇ ਤੱਥਾਂ ਦਾ ਸਵਾਲ ਹੈ ਤਾਂ ਇਹ ਵੀ ਕਿਹਾ ਗਿਆ ਹੈ ਕਿ ਮੀਡੀਆ ਨੂੰ ਕਈ ਢੰਗਾਂ ਨਾਲ ਪ੍ਰਭਾਵਿਤ ਕੀਤਾ ਜਾਂਦਾ ਹੈ। ਪ੍ਰਿਟਿੰਗ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਸਰਕਾਰਾਂ ਵੱਲੋਂ ਜਦੋਂ ਰਿਆਇਤਾਂ ਜਾਂ ਇਸ਼ਤਿਹਾਰ ਦਿੱਤੇ ਜਾਂਦੇ ਹਨ ਤਾਂ ਕਈ ਮੀਡੀਆ ਗਰੁੱਪ ਸਰਕਾਰ ਦੀ ਅਲੋਚਨਾ ਕਰਨੀ ਹੀ ਬੰਦ ਕਰ ਦਿੰਦੇ ਹਨ। ਇਸ ਦੀ ਥਾਂ ਇਹਨਾਂ ਗਰੁੱਪਾਂ ਵੱਲੋਂ ਵਿਰੋਧੀਆਂ ਦੀ ਅਲੋਚਨਾ ਕੀਤੀ ਜਾਂਦੀ ਹੈ। ਅਜਿਹੇ ਵਰਤਾਰੇ ਨਾਲ ਸਿੱਧੇ ਤੌਰ ’ਤੇ ਜਮਹੂਰੀਅਤ ਨੂੰ ਧੱਕਾ ਲੱਗਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਸਰਕਾਰਾਂ ਵੱਲੋਂ ਪਹਿਲਾਂ ਹੀ ਏਜੰਡਾ ਤੈਅ ਕਰ ਦਿੱਤਾ ਜਾਂਦਾ ਹੈ ਅਤੇ ਉਸ ਮੁਤਾਬਕ ਹੀ ਮੀਡੀਆ ਦੇ ਇੱਕ ਹਿੱਸੇ ਵੱਲੋਂ ਉਹ ਸਭ ਕੁੱਝ ਵਖਾਇਆ ਜਾਂਦਾ ਹੈ ਜੋ ਸਰਕਾਰ ਦੀ ਪ੍ਰਸੰਸ਼ਾਂ ਵਿਚ ਹੁੰਦਾ ਹੈ। ਇਸੇ ਲਈ ਮੀਡੀਆ ਦੀ ਇੱਕ ਧਿਰ ਦਾ ਨਾਂ ਗੋਦੀ ਮੀਡੀਆ ਪੈ ਗਿਆ। ਸਰਕਾਰ ਦੇ ਵਤੀਰੇ ਦਾ ਨਤੀਜਾ ਇਹ ਵੀ ਨਿਕਲਿਆ ਕਿ ਹਾਕਮ ਧਿਰਾਂ ਦੇ ਕਈ ਵੱਡੇ ਰਾਜਸੀ ਆਗੂ ਮੀਡੀਆ ਅੱਗੇ ਸਵਾਲ ਜਵਾਬ ਪੇਸ਼ ਕਰਨ ਤੋਂ ਕੰਨੀ ਕਤਰਾਉਂਦੇ ਹਨ। ਇਸ ਤਰ੍ਹਾਂ ਸਰਕਾਰਾਂ ਵੱਲੋਂ ਜੋ ਪ੍ਰੈੱਸ ਨੋਟ ਦਿੱਤੇ ਜਾਂਦੇ ਹਨ, ਉਹਨਾਂ ਨੂੰ ਉਸੇ ਤਰ੍ਹਾਂ ਮੀਡੀਆ ਵਿਚ ਪੇਸ਼ ਕਰਨ ਲਈ ਕਿਹਾ ਜਾਂਦਾ ਹੈ। ਅਜਿਹਾ ਨਾ ਕਰਨ ਵਾਲੇ ਮੀਡੀਆ ਅਦਾਰਿਆਂ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਜਾਂਦੇ ਹਨ। ਕਈ ਵਾਰ ਸੰਬੰਧਿਤ ਪੱਤਰਕਾਰਾਂ ਉਪਰ ਕੇਸ ਵੀ ਦਰਜ ਕੀਤੇ ਜਾਂਦੇ ਹਨ। ਇਸ ਤਰ੍ਹਾਂ ਦੀ ਸਥਿਤੀ ਵਿਚ ਮੀਡੀਆ ਦੀ ਆਜ਼ਾਦੀ ਦਾ ਕਿਵੇਂ ਦਾਅਵਾ ਕੀਤਾ ਜਾ ਸਕਦਾ ਹੈ?
ਕੇਵਲ ਇਹ ਹੀ ਨਹੀਂ ਕਿ ਸਰਕਾਰਾਂ ਹੀ ਮੀਡੀਆ ਨੂੰ ਦਬਾਉਂਦੀਆਂ ਹਨ ਸਗੋਂ ਗੈਂਗਸਟਰ, ਡਰੱਗ ਮਾਫੀਆ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਵੱਲੋਂ ਵੀ ਮੀਡੀਆ ਨੂੰ ਦਬਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਜਿਥੇ ਮੀਡੀਆ ਦੀ ਨਿਰਪੱਖ ਭੂਮਿਕਾ ਬਹੁਤ ਅਹਿਮੀਅਤ ਰੱਖਦੀ ਹੈ ਉਥੇ ਸਮਾਜ ਅਤੇ ਹੋਰ ਵੱਖ ਵੱਖ ਧਿਰਾਂ ਵੱਲੋਂ ਮੀਡੀਆ ਉਪਰ ਹੋ ਰਹੇ ਹਮਲਿਆਂ ਵਿਰੁੱਧ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਮੀਡੀਆ ਕੇਵਲ ਸਮਾਜ ਨੂੰ ਜਾਣਕਾਰੀ ਹੀ ਨਹੀਂ ਦਿੰਦਾ ਸਗੋਂ ਸਮਾਜ ਦੇ ਹਿੱਤਾਂ ਲਈ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ।