ਨਿਊਜ਼ ਡੈਸਕ: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿਤਾਵਨੀ ਦਿੱਤੀ ਕਿ ਟਰੰਪ ਯੂਕਰੇਨ ਯੁੱਧ ਨੂੰ ਲੈ ਕੇ ਰੂਸ ਨਾਲ ਕਿਸੇ ਸਮਝੌਤੇ ਲਈ ਜਲਦਬਾਜ਼ੀ ਨਾਂ ਕਰਨ। ਮੈਕਰੋਨ ਟਰੰਪ ਨੂੰ ਮਿਲਣ ਲਈ ਅਮਰੀਕਾ ਪਹੁੰਚੇ ਸਨ, ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਇਸ ਬਾਰੇ ਗੱਲ ਕੀਤੀ।
ਟਰੰਪ ਅਤੇ ਮੈਕਰੋਨ ਯੂਕਰੇਨ ਨੂੰ ਦਿੱਤੇ ਜਾ ਰਹੇ ਫੰਡਾਂ ਨਾਲ ਸਬੰਧਤ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਸ ਦੌਰਾਨ, ਦੋਵਾਂ ਵਿਚਕਾਰ ਮਾਮੂਲੀ ਤਕਰਾਰ ਦੇਖਣ ਨੂੰ ਮਿਲੀ ਜਿਸ ਨਾਲ ਸਭ ਹੈਰਾਨ ਰਹਿ ਗਏ। ਦਰਅਸਲ, ਟਰੰਪ ਯੂਰਪ ਵੱਲੋਂ ਯੂਕਰੇਨ ਨੂੰ ਦਿੱਤੀ ਜਾ ਰਹੀ ਮਦਦ ‘ਤੇ ਆਪਣੀ ਰਾਏ ਦੇ ਰਹੇ ਸਨ। ਟਰੰਪ ਨੇ ਕਿਹਾ ਕਿ ਯੂਰਪ ਯੂਕਰੇਨ ਨੂੰ ਪੈਸਾ ਉਧਾਰ ਦੇ ਰਿਹਾ ਹੈ ਅਤੇ ਆਪਣੇ ਪੈਸੇ ਵਾਪਸ ਵੀ ਲੈ ਰਿਹਾ ਹੈ। ਜਦੋਂ ਕਿ ਯੁੱਧ ਲੜਨ ਲਈ ਅਸਲ ਪੈਸਾ ਅਮਰੀਕਾ ਨੇ ਯੂਕਰੇਨ ਨੂੰ ਦਿੱਤਾ ਸੀ।
ਇਸ ‘ਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਟਰੰਪ ਦਾ ਹੱਥ ਫੜ ਕੇ ਉਨ੍ਹਾਂ ਨੂੰ ਟੋਕਿਆ ਅਤੇ ਕਿਹਾ ਕਿ ਇਹ ਤੱਥ ਸਹੀ ਨਹੀਂ ਹੈ। ਸੱਚ ਕਹਾਂ ਤਾਂ ਅਸੀਂ ਵੀ ਪੈਸੇ ਦਿੱਤੇ ਹਨ। ਇਸ ਯੁੱਧ ਵਿੱਚ ਹੋਏ ਕੁੱਲ ਖਰਚੇ ਦਾ 60% ਯੂਰਪ ਨੇ ਸਹਿਣ ਕੀਤਾ। ਅਮਰੀਕਾ ਨੇ ਕਰਜ਼ੇ, ਗਾਰੰਟੀਆਂ ਅਤੇ ਗ੍ਰਾਂਟਾਂ ਦਿੱਤੀਆਂ; ਅਸੀਂ ਅਸਲ ਪੈਸਾ ਦਿੱਤਾ।
ਮੈਕਰੋਨ ਨੇ ਵ੍ਹਾਈਟ ਹਾਊਸ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਟਰੰਪ ਨੂੰ ਕਿਹਾ ਕਿ ਯੂਕਰੇਨ ਲਈ ਤਿਆਰ ਕੀਤੇ ਜਾ ਰਹੇ ਸ਼ਾਂਤੀ ਪ੍ਰਸਤਾਵ ਵਿੱਚ ਇਸ ਦੀ ਸੁਰੱਖਿਆ ਗਾਰੰਟੀਆਂ ਦਾ ਜ਼ਿਕਰ ਹੋਣਾ ਚਾਹੀਦਾ ਹੈ। ਸ਼ਾਂਤੀ ਦਾ ਮਤਲਬ ਹੈ ਕਿ ਯੂਕਰੇਨ ਨੂੰ ਆਪਣੀ ਪ੍ਰਭੂਸੱਤਾ ਮੁੜ ਪ੍ਰਾਪਤ ਕਰਨੀ ਚਾਹੀਦੀ ਹੈ। ਇਹ ਸਮਰਪਣ ਨਹੀਂ ਹੈ। ਬਿਨਾਂ ਗਰੰਟੀ ਦੇ ਜੰਗਬੰਦੀ ਦਾ ਕੋਈ ਅਰਥ ਨਹੀਂ ਹੈ। ਟਰੰਪ ਇਸ ਮਾਮਲੇ ‘ਤੇ ਚੁੱਪ ਰਹੇ।
ਮੈਕਰੋਨ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਕਾਰ ਕੁਝ ਹਫ਼ਤਿਆਂ ਦੇ ਅੰਦਰ ਜੰਗਬੰਦੀ ਸਮਝੌਤੇ ਦੀ ਪੂਰੀ ਸੰਭਾਵਨਾ ਹੈ। ਫਰਾਂਸ ਦੇ ਰਾਸ਼ਟਰਪਤੀ ਟਰੰਪ ਨੂੰ ਯੂਰਪੀ ਦੇਸ਼ਾਂ ਦੇ ਪ੍ਰਤੀਨਿਧੀ ਵਜੋਂ ਮਿਲੇ, ਕਿਉਂਕਿ ਯੂਰਪ ਦੇ ਲਗਭਗ ਸਾਰੇ ਦੇਸ਼ਾਂ ਨੂੰ ਆਪਣੀ ਸੁਰੱਖਿਆ ਬਾਰੇ ਇੱਕੋ ਜਿਹੀਆਂ ਚਿੰਤਾਵਾਂ ਹਨ।
ਮੈਕਰੋਨ ਨੇ ਕਿਹਾ – ਸਾਡਾ 2014 ਵਿੱਚ ਰੂਸ ਨਾਲ ਸ਼ਾਂਤੀ ਸਮਝੌਤਾ ਹੋਇਆ ਸੀ। ਮੈਂ ਤੁਹਾਨੂੰ ਨਿੱਜੀ ਤਜਰਬੇ ਤੋਂ ਦੱਸ ਸਕਦਾ ਹਾਂ, ਕਿਉਂਕਿ ਮੈਂ ਉਨ੍ਹਾਂ ਦੋ ਮੈਂਬਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਉਸ ਸ਼ਾਂਤੀ ਸਮਝੌਤੇ ਦੀ ਨਿਗਰਾਨੀ ਕੀਤੀ ਸੀ। ਰੂਸ ਨੇ ਹਰ ਵਾਰ ਸਮਝੌਤੇ ਦੀ ਉਲੰਘਣਾ ਕੀਤੀ ਅਤੇ ਅਸੀਂ ਇੱਕਜੁੱਟ ਹੋ ਕੇ ਜਵਾਬ ਨਹੀਂ ਦਿੱਤਾ। ਇਸ ਲਈ ਮੁੱਦਾ ਭਰੋਸੇ ਦਾ ਹੈ।
ਮੈਕਰੋਨ ਨੇ ਕਿਹਾ ਕਿ ਮੇਰੇ ਅਨੁਸਾਰ ਜੰਗਬੰਦੀ ਸਮਝੌਤੇ ਦਾ ਕ੍ਰਮ ਅਜਿਹਾ ਹੋਣਾ ਚਾਹੀਦਾ ਹੈ ਕਿ ਪਹਿਲਾਂ ਅਮਰੀਕਾ ਅਤੇ ਰੂਸ ਵਿਚਕਾਰ ਗੱਲਬਾਤ ਹੋਵੇ ਅਤੇ ਫਿਰ ਅਮਰੀਕਾ ਅਤੇ ਯੂਕਰੇਨ ਵਿਚਕਾਰ। ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕਰਨ ਲਈ ਤਿਆਰ ਹਨ, ਇਹ ਬਹੁਤ ਮਹੱਤਵਪੂਰਨ ਗੱਲ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਜੰਗਬੰਦੀ ਹੋ ਸਕਦੀ ਹੈ। ਰੂਸ ਨੂੰ ਇਸਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਪੁਤਿਨ ਸ਼ਾਂਤੀ ਸਮਝੌਤੇ ਅਤੇ ਯੂਕਰੇਨ ਦੀ ਪ੍ਰਭੂਸੱਤਾ ਪ੍ਰਤੀ ਗੰਭੀਰ ਨਹੀਂ ਹਨ।