ਰਾਫੇਲ ਡੀਲ : ਭਾਰਤ ਨੂੰ ਵੇਚੇ ਗਏ 36 ਜੈੱਟ ਸੌਦੇ ਦੀ ਜਾਂਚ ਲਈ ਫਰਾਂਸ ਨੇ ਨਿਯੁਕਤ ਕੀਤਾ ਜੱਜ

TeamGlobalPunjab
2 Min Read

ਪੈਰਿਸ : ਭਾਰਤ ਦਾ ਰਾਫੇਲ ਖਰੀਦ ਮੁੱਦਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਫਰਾਂਸ ਨੇ ਭਾਰਤ ਨੂੰ ਵੇਚੇ ਗਏ 36 ਰਾਫੇਲ ਲੜਾਕੂ ਜਹਾਜ਼ਾਂ ਦੀ ਡੀਲ ‘ਚ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਲਈ ਇਕ ਜੱਜ ਦੀ ਨਿਯੁਕਤੀ ਕੀਤਾ ਹੈ। ਫਰਾਂਸ ਦੀ ਪਬਲਿਕ ਪ੍ਰਾਸੀਕਿਊਸ਼ਨ ਸਰਵਿਸਜ਼ ਦੀ ਫਾਈਨੈਂਸ਼ੀਅਲ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਫਰਾਂਸੀਸੀ ਜੱਜ ਨੂੰ ਭ੍ਰਿਸ਼ਟਾਚਾਰ ਦੇ ਸ਼ੱਕ ‘ਤੇ ਭਾਰਤ ਨੂੰ ਰਾਫੇਲ ਲੜਾਕੂ ਜਹਾਜ਼ਾਂ ਦੀ ਵਿਵਾਦਪੂਰਨ ਮਲਟੀ-ਅਰਬ ਡਾਲਰ ਦੀ ਡੀਲ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਹ ਡੀਲ 2016 ‘ਚ ਹੋਈ ਸੀ।

ਭਾਰਤ ਸਰਕਾਰ ਤੇ ਫਰਾਂਸੀਸੀ ਜਹਾਜ਼ ਨਿਰਮਾਤਾ ਕੰਪਨੀ ਡਸਾਲਟ ‘ਚ 36 ਜਹਾਜ਼ਾਂ ਲਈ 7.8 ਬਿਲੀਅਨ ਯੂਰੋ ਦਾ ਸੌਦਾ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਦੋਸ਼ ਤੇ ਵਿਵਾਦਾਂ ‘ਚ ਫਸਿਆ ਹੋਇਆ ਹੈ। PNF ਨੇ ਸ਼ੁਰੂਆਤ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫਰਾਂਸੀਸੀ ਜਾਂਚ ਵੈੱਬਸਾਈਟ ਮੀਡੀਆਪਾਰਟ ਨੇ PNF ਤੇ ਫਰਾਂਸੀਸੀ ਭ੍ਰਿਸ਼ਟਾਚਾਰ ਨਜ਼ਰਬੰਦ ਏਜੰਸੀ ‘ਤੇ ਸਤੰਬਰ 2016 ‘ਚ ਹੋਈ ਇਸ ਡੀਲ ‘ਚ ਉਪਜੇ ਸ਼ੱਕ ਨੂੰ ਦਫਨਾਉਣ ਦਾ ਦੋਸ਼ ਲਾਇਆ ਸੀ।

ਅਪ੍ਰੈਲ ‘ਚ ਮੀਡੀਆਪਾਰਟ ਨੇ ਦਾਅਵਾ ਕੀਤਾ ਕਿ ਡੀਲ ਕਰਵਾਉਣ ਲਈ ਡਸਾਲਟ ਨੇ ਵਿਚੌਲੀਆ ਨੂੰ ਲੱਖਾਂ ਯੂਰੋ ਕਮੀਸ਼ਨ ਦਿੱਤੇ ਸੀ। ਇਹ ਕਮੀਸ਼ਨ ਉਨ੍ਹਾਂ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦੇ ਰੂਪ ‘ਚ ਦਿੱਤੇ ਜਾਣੇ ਸੀ ਜਿਨ੍ਹਾਂ ਨੇ ਡਸਾਲਟ ਨੂੰ ਰਾਫੇਲ ਦੀ ਵਿਕਰੀ ਕਰਵਾਉਣ ‘ਚ ਮਦਦ ਕੀਤੀ ਸੀ। ਹਾਲਾਂਕਿ ਡਸਾਲਟ ਨੇ ਕਿਹਾ ਸੀ ਕਿ ਗਰੁੱਪ ਦੇ ਆਡਿਟ ਰਿਪੋਰਟ ‘ਚ ਇਸ ਤਰ੍ਹਾਂ ਕਿਸੇ ਵੀ ਗਲਤ ਕੰਮ ਬਾਰੇ ਕੋਈ ਸਬੂਤ ਨਹੀਂ ਮਿਲੇ ਹਨ।

Share this Article
Leave a comment