ਨਿਊਜ਼ ਡੈਸਕ: ਆਂਧਰਾ ਪ੍ਰਦੇਸ਼ ਤੋਂ ਮਿਲਾਵਟ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਰਾਜਮੁੰਦਰੀ ਸ਼ਹਿਰ ਵਿੱਚ ਮਿਲਾਵਟੀ ਦੁੱਧ ਪੀਣ ਤੋਂ ਬਾਅਦ ਦੋ ਦਿਨਾਂ ਦੇ ਅੰਦਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਕਈ ਹੋਰ ਹਸਪਤਾਲ ਵਿੱਚ ਦਾਖਲ ਹਨ। ਰਿਪੋਰਟਾਂ ਅਨੁਸਾਰ, ਐਤਵਾਰ ਰਾਤ ਨੂੰ ਹਸਪਤਾਲ ਵਿੱਚ ਇਲਾਜ ਅਧੀਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਪਛਾਣ ਐਸ. ਸ਼ੇਸ਼ਗਿਰੀ ਰਾਓ (72) ਅਤੇ ਰਾਧਾ ਕ੍ਰਿਸ਼ਨਮੂਰਤੀ (74) ਵਜੋਂ ਹੋਈ ਹੈ, ਜਦੋਂ ਕਿ ਤਿੰਨ ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋ ਲੋਕਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਾਰੇ ਪੀੜਤ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਰਾਜਾਮੁੰਦਰੀ ਸ਼ਹਿਰ ਦੇ ਲਾਲਾ ਚੇਰੂਵੂ ਅਤੇ ਚੌਦੇਸ਼ਵਰੀ ਨਗਰ ਇਲਾਕਿਆਂ ਦੇ ਵਸਨੀਕ ਸਨ।
ਸਥਾਨਿਕ ਅਧਿਕਾਰੀਆਂ ਦੇ ਅਨੁਸਾਰ, 15 ਫਰਵਰੀ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 14 ਲੋਕਾਂ ਨੂੰ ਅਨੂਰੀਆ ਦੇ ਲੱਛਣਾਂ ਨਾਲ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਸ਼ਾਮਿਲ ਹਨ। ਸਾਰੇ ਪ੍ਰਭਾਵਿਤ ਪਰਿਵਾਰਾਂ ਦਾ ਦੁੱਧ ਵੇਚਣ ਵਾਲਾ ਇੱਕੋ ਹੈ, ਇਸ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਦੁੱਧ ਵਿੱਚ ਮਿਲਾਵਟ ਕਾਰਨ ਇਹ ਹਾਦਸਾ ਵਾਪਰਿਆ ਹੈ। ਜ਼ਿਆਦਾਤਰ ਪੀੜਤ ਬਜ਼ੁਰਗ ਹਨ। ਬਿਮਾਰਾਂ ਵਿੱਚ ਇੱਕ ਤਿੰਨ ਸਾਲ ਦਾ ਬੱਚਾ ਅਤੇ ਇੱਕ ਪੰਜ ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ।
ਪ੍ਰਭਾਵਿਤ ਪਰਿਵਾਰਾਂ ਨੇ ਆਪਣੀ ਸ਼ਿਕਾਇਤ ਵਿੱਚ ਪੁਲਿਸ ਨੂੰ ਦੱਸਿਆ ਕਿ ਮਹਾਸ਼ਿਵਰਾਤਰੀ (15 ਫਰਵਰੀ) ਨੂੰ ਦੁੱਧ ਵਿਕਰੇਤਾ ਵੱਲੋਂ ਦਿੱਤਾ ਗਿਆ ਦੁੱਧ ਅਤੇ ਦਹੀਂ ਕੌੜਾ ਸੀ। ਪੁਲਿਸ ਨੇ ਦੁੱਧ ਵੇਚਣ ਵਾਲੇ ਗਣੇਸ਼ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਪੂਰਬੀ ਗੋਦਾਵਰੀ ਜ਼ਿਲ੍ਹਾ ਕੁਲੈਕਟਰ ਕੀਰਤੀ ਚੇਕੁਰੀ ਨੇ ਕਿਹਾ ਕਿ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਜਾਂਚ ਤੋਂ ਬਾਅਦ ਪਤਾ ਲੱਗੇਗਾ। ਮਾਮਲਿਆਂ ਦੀ ਡਾਕਟਰੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਮੈਡੀਕਲ ਅਤੇ ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

