ਨਵੀ ਦਿੱਲੀ : ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ ਦਾ ਦੇਹਾਂਤ ਹੋ ਗਿਆ ਹੈ। ਉਹ 81 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਮੰਗਲਵਾਰ ਸਵੇਰੇ 3:30 ਵਜੇ ਪੁਣੇ ਵਿੱਚ ਆਖਰੀ ਸਾਹ ਲਏ। ਉਨ੍ਹਾਂ ਨੂੰ ਪਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਸੁਰੇਸ਼ ਕਲਮਾਡੀ ਪੁਣੇ, ਮਹਾਰਾਸ਼ਟਰ ਤੋਂ ਸਾਬਕਾ ਸੰਸਦ ਮੈਂਬਰ ਸਨ। ਉਹ ਕੇਂਦਰ ਸਰਕਾਰ ਵਿੱਚ ਰੇਲ ਰਾਜ ਮੰਤਰੀ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ।
ਮਿਲੀ ਜਾਣਕਾਰੀ ਅਨੁਸਾਰ ਸੁਰੇਸ਼ ਕਲਮਾਡੀ ਦੀ ਦੇਹ ਨੂੰ ਅੱਜ ਦੁਪਹਿਰ 2:00 ਵਜੇ ਤੱਕ ਏਰੰਡਵਾਨੇ ਦੇ ਕਲਮਾਡੀ ਹਾਊਸ ਵਿਖੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 3:30 ਵਜੇ ਪੁਣੇ ਦੇ ਨਵੀ ਪੇਠ ਸਥਿਤ ਵੈਕੁੰਠ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਸੁਰੇਸ਼ ਕਲਮਾਡੀ ਦੇ ਪਰਿਵਾਰ ਵਿੱਚ ਉਸਦੀ ਪਤਨੀ, ਇੱਕ ਵਿਆਹਿਆ ਪੁੱਤਰ, ਇੱਕ ਨੂੰਹ, ਦੋ ਵਿਆਹੀਆਂ ਧੀਆਂ, ਅਤੇ ਪੋਤੇ-ਪੋਤੀਆਂ ਹਨ।
ਸੁਰੇਸ਼ ਕਲਮਾਡੀ ਇੱਕ ਅਜਿਹਾ ਨਾਮ ਸੀ ਜਿਸਨੇ ਭਾਰਤੀ ਖੇਡ ਜਗਤ ਤੋਂ ਲੈ ਕੇ ਦਿੱਲੀ ਦੀ ਸੱਤਾਧਾਰੀ ਪਾਰਟੀ ਤੱਕ ਆਪਣੀ ਵੱਖਰੀ ਪਛਾਣ ਬਣਾਈ। ਜ਼ਿਕਰਯੋਗ ਹੈ ਕਿ ਸੁਰੇਸ਼ ਕਲਮਾਡੀ ਸਿਰਫ਼ ਇੱਕ ਸਿਆਸਤਦਾਨ ਹੀ ਨਹੀਂ ਸਨ, ਸਗੋਂ “ਪੁਣੇ ਦੇ ਕਿੰਗਮੇਕਰ” ਵੀ ਮੰਨੇ ਜਾਂਦੇ ਸਨ। ਸੁਰੇਸ਼ ਕਲਮਾਡੀ ਨੇ ਪੁਣੇ ਦੇ ਫਰਗੂਸਨ ਕਾਲਜ ਤੋਂ ਪੜ੍ਹਾਈ ਕੀਤੀ। ਉਨ੍ਹਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ), ਖੜਕਵਾਸਲਾ ਤੋਂ ਗ੍ਰੈਜੂਏਸ਼ਨ ਕੀਤੀ। 1965 ਵਿੱਚ, ਸੁਰੇਸ਼ ਕਲਮਾਡੀ ਭਾਰਤੀ ਹਵਾਈ ਸੈਨਾ ਵਿੱਚ ਪਾਇਲਟ ਵਜੋਂ ਸ਼ਾਮਲ ਹੋਏ।ਬਾਅਦ ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਕਈ ਵਾਰ ਸੰਸਦ ਮੈਂਬਰ ਅਤੇ ਕੇਂਦਰ ਸਰਕਾਰ ਵਿੱਚ ਮੰਤਰੀ ਵਜੋਂ ਸੇਵਾ ਨਿਭਾਈ। ਪੁਣੇ ਦੇ ਬੁਨਿਆਦੀ ਢਾਂਚੇ ਅਤੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਦੇ ਪ੍ਰਧਾਨ ਹੋਣ ਦੇ ਨਾਤੇਉਨ੍ਹਾਂ ਨੇ ਲੰਬੇ ਸਮੇਂ ਤੱਕ ਭਾਰਤੀ ਖੇਡਾਂ ਦੀ ਅਗਵਾਈ ਕੀਤੀ। 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਉਨ੍ਹਾਂ ਦੇ ਕਰੀਅਰ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਹੋਈਆਂ। ਹਾਲਾਂਕਿ ਇਨ੍ਹਾਂ ਖੇਡਾਂ ਨਾਲ ਜੁੜੇ ਵਿਵਾਦਾਂ ਨੇ ਉਨ੍ਹਾਂ ਦੇ ਰਾਜਨੀਤਿਕ ਕਰੀਅਰ ਨੂੰ ਢੱਕ ਦਿੱਤਾ, ਪਰ ਉਨ੍ਹਾਂ ਨੂੰ ਖੇਡਾਂ ਨੂੰ ਵੱਡੇ ਪੱਧਰ ‘ਤੇ ਲਿਆਉਣ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਰਾਜਨੀਤਿਕ ਜਗਤ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਹੈ।

