ਜਲੰਧਰ: ਆਪ ਤੋਂ ਭਾਜਪਾ ‘ਚ ਗਏ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਨਸ਼ੇ ਦੇ ਸੌਦਾਗਰ ਨਾਲ ਵਾਇਰਲ ਹੋਣ ਦਾ ਮਾਮਲਾ ਗਰਮਾ ਗਿਆ ਹੈ। ਇਕ ਪਾਸੇ ਸ਼ੀਤਲ ਅੰਗੁਰਾਲ ‘ਤੇ ਡਰੱਗ ਡੀਲਰਾਂ ਨਾਲ ਸਬੰਧਾਂ ਨੂੰ ਲੈ ਕੇ ਕਈ ਦੋਸ਼ ਲੱਗ ਰਹੇ ਹਨ। ਜਿਸ ਤੋਂ ਬਾਅਦ ਸ਼ੀਤਲ ਅੰਗੁਰਾਲ ਰਾਤ 1.30 ਵਜੇ ਲਾਈਵ ਆ ਕੇ ਕਿਹਾ ਕਿ ਇਸੇ ਨਸ਼ੇ ਕਾਰਨ ਮੈਂ ‘ਆਪ’ ਪਾਰਟੀ ਛੱਡੀ ਹੈ। ਅੱਜ ਮੇਰੇ ਇਲਾਕੇ ਵਿੱਚ ਇੱਕ ਹੋਰ ਬੱਚੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।
ਅੰਗੁਰਾਲ ਨੇ ਪੰਜਾਬ ਸਰਕਾਰ ‘ਤੇ ਭੜਕਦਿਆਂ ਕਿਹਾ ’24 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਭਗਵੰਤ ਮਾਨ ਸਾਬ ਤੁਸੀਂ ਸੂਬੇ ਨੂੰ ਨਸ਼ਾ ਮੁਕਤ ਨਹੀਂ ਬਣਾ ਸਕੇ, ਸਗੋਂ ਨਸ਼ੇ ਨੂੰ ਰੋਕਣ ‘ਚ ਤੁਹਾਡੀ ਅਸਫ਼ਲਤਾ ਅਤੇ ਤੁਹਾਡੀਆਂ ਲਾਪਰਵਾਹੀਆਂ ਨੇ ਕਈ ਘਰ ਉਜਾੜ ਦਿੱਤੇ ਨੇ। ਅੱਜ ਇਕ ਹੋਰ ਮਾ ਦਾ ਪੁੱਤ ਇਸ ਦੁਨੀਆ ਨੂੰ ਨਸ਼ੇ ਦੇ ਕਰਕੇ ਵਿਸ਼ੋੜਾ ਦੇ ਗਿਆ ਹੈ ਤੇ ਮੈਂ ਪਿਛਲੇ ਇਕ ਦੋ ਦਿਨਾ ਤੋਂ ਬਣੇ ਨਵੇਂ ਲੀਡਰਾਂ ਨੂੰ ਵੀ ਕਵਾਂਗਾ ਕਿ ਜਾਕੇ ਉਸ ਮਾਂ ਦਾ ਹਾਲ ਵੀ ਦੇਖ ਆਇਓ ਜਿਸਦਾ ਪੁੱਤ ਤੁਹਾਡੀ ਸਰਕਾਰ ਦੀ ਅਸਫ਼ਲਤਾ ਅਤੇ ਲਾਪਰਵਾਹੀਆਂ ਕਰਕੇ ਇਸ ਦੁਨੀਆ ਨੂੰ ਵਿਸ਼ੋੜਾ ਦੇ ਗਿਆ ਹੈ।’
ਪੰਜਾਬ ਦੇ ਜਲੰਧਰ ‘ਚ ਸ਼ੁੱਕਰਵਾਰ ਦੇਰ ਰਾਤ 26 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਸ਼ਹਿਰ ਦੇ ਪੋਰਸ਼ ਇਲਾਕੇ ਭਾਰਗਵ ਕੈਂਪ ਤੋਂ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਅਜਿਹੀ ਕੋਈ ਵੀ ਚੀਜ਼ ਨਹੀਂ ਮਿਲੀ ਹੈ ਜਿਸ ਤੋਂ ਉਸਦੀ ਪਹਿਚਾਣ ਕੀਤੀ ਜਾ ਸਕੇ। ਹਾਲਾਂਕਿ ਮੁੱਢਲੀ ਜਾਂਚ ‘ਚ ਮਾਮਲਾ ਓਵਰਡੋਜ਼ ਮੰਨਿਆ ਜਾ ਰਿਹਾ ਹੈ।
ਘਟਨਾ ਦੀ ਜਾਂਚ ਕਰਨ ਲਈ ਪੁੱਜੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਨੂੰ ਪੁਲੀਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਥਾਂ ’ਤੇ ਇੱਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਐੱਸਆਈ ਨੇ ਦੱਸਿਆ- ਸਾਬਕਾ ਡਿਪਟੀ ਮੇਅਰ ਟਾਂਗਰੀ ਦੇ ਘਰ ਦੇ ਕੋਲ ਨੌਜਵਾਨ ਦੀ ਲਾਸ਼ ਪਈ ਸੀ। ਨੌਜਵਾਨ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ।
ਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਨੂੰ ਕੁਝ ਸਮੇਂ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਆਈ ਨੇ ਦੱਸਿਆ- ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਾਰਦਾਤ ਵਾਲੀ ਥਾਂ ਤੋਂ ਕੋਈ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਹੈ, ਜਿਸ ਰਾਹੀਂ ਉਸ ਦੀ ਪਛਾਣ ਕੀਤੀ ਜਾ ਸਕੇ। ਇਸ ਲਈ ਪੁਲੀਸ ਨੇ ਮ੍ਰਿਤਕ ਦੀ ਫੋਟੋ ਭਾਰਗਵ ਕੈਂਪ ਇਲਾਕੇ ਵਿੱਚ ਛਾਪੀ ਹੈ।