ਨੇਪਾਲ ’ਚ ਲਾਪਤਾ ਸਾਬਕਾ ਜੱਜ ਦੀ ਭਾਲ ਲਈ CJI ਤੋਂ ਮਦਦ ਦੀ ਅਪੀਲ

Global Team
3 Min Read

ਨਿਊਜ਼ ਡੈਸਕ: ਨੇਪਾਲ ਯਾਤਰਾ ਦੌਰਾਨ ਲਾਪਤਾ ਹੋਏ ਮਦਰਾਸ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਜਸਟਿਸ ਵੀ. ਸ਼ਿਵਗਣਨਮ ਦੀ ਭਾਲ ਲਈ ਦਿੱਲੀ ਤਮਿਲ ਐਡਵੋਕੇਟਸ ਐਸੋਸੀਏਸ਼ਨ ਨੇ ਭਾਰਤ ਦੇ ਚੀਫ਼ ਜਸਟਿਸ ਤੋਂ ਮਦਦ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਨੇ CJI ਨੂੰ ਕਿਹਾ ਹੈ ਕਿ ਉਹ ਭਾਰਤ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਜਸਟਿਸ ਸ਼ਿਵਗਣਨਮ ਨੂੰ ਜਲਦ ਲੱਭਣ ਵਿੱਚ ਮਦਦ ਕਰਨ।

26 ਅਗਸਤ ਤੋਂ ਨਹੀਂ ਹੋਇਆ ਸੰਪਰਕ

ਜਸਟਿਸ ਸ਼ਿਵਗਣਨਮ ਤਮਿਲ ਤੀਰਥ ਯਾਤਰੀਆਂ ਦੇ ਇੱਕ ਸਮੂਹ ਨਾਲ ਨੇਪਾਲ ਗਏ ਸਨ। ਉਨ੍ਹਾਂ ਨਾਲ ਯਾਤਰਾ ਕਰ ਰਹੇ ਲੋਕਾਂ ਦੀ ਬੱਸ ਦੀ ਇੱਕ ਤਸਵੀਰ ਵਿੱਚ ਵੀ ਜਸਟਿਸ ਸ਼ਿਵਗਣਨਮ ਦੀ ਮੌਜੂਦਗੀ ਦਰਜ ਹੋਈ ਸੀ।

26 ਅਗਸਤ ਦੀ ਸਵੇਰ ਉਨ੍ਹਾਂ ਨੇ ਵਟਸਐਪ ਰਾਹੀਂ ਆਪਣੀ ਪਤਨੀ ਨਾਲ ਫੋਨ ’ਤੇ ਗੱਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਇਸ ਕਾਰਨ ਪਰਿਵਾਰ ਉਨ੍ਹਾਂ ਦੀ ਸੁਰੱਖਿਆ ਅਤੇ ਮੌਜੂਦਾ ਟਿਕਾਣੇ ਨੂੰ ਲੈ ਕੇ ਕਾਫ਼ੀ ਚਿੰਤਤ ਹੈ।

ਤਿਮੁਰੇ ਇਲਾਕੇ ’ਚ ਦੂਜੀ ਬੱਸ ਦੇ ਯਾਤਰੀ ਬਚਾਏ ਗਏ

ਐਸੋਸੀਏਸ਼ਨ ਮੁਤਾਬਕ, ਇੱਕ ਹੋਰ ਬੱਸ ਵਿੱਚ ਯਾਤਰਾ ਕਰ ਰਹੇ ਕੁਝ ਲੋਕਾਂ ਨੂੰ ਨੇਪਾਲ ਦੇ ਤਿਮੁਰੇ ਇਲਾਕੇ ਵਿੱਚ APF Nepal Border Outpost ਦੇ ਨੇੜੇ ਬਚਾਇਆ ਗਿਆ ਸੀ। ਇਨ੍ਹਾਂ ਲੋਕਾਂ ਨੇ ਜਸਟਿਸ ਸ਼ਿਵਗਣਨਮ ਦੇ ਪਰਿਵਾਰ ਨੂੰ ਦੱਸਿਆ ਕਿ ਜਿਸ ਬੱਸ ਵਿੱਚ ਉਹ ਸਫ਼ਰ ਕਰ ਰਹੇ ਸਨ, ਉਹ ਉਨ੍ਹਾਂ ਦੀ ਬੱਸ ਤੋਂ ਕਰੀਬ 100 ਤੋਂ 200 ਮੀਟਰ ਦੀ ਦੂਰੀ ’ਤੇ ਸੀ।

ਇਸ ਜਾਣਕਾਰੀ ਤੋਂ ਬਾਅਦ ਪਰਿਵਾਰ ਦੀ ਚਿੰਤਾ ਹੋਰ ਵਧ ਗਈ ਹੈ ਅਤੇ ਉਨ੍ਹਾਂ ਦੀ ਭਾਲ ਲਈ ਤੁਰੰਤ ਕੋਸ਼ਿਸ਼ਾਂ ਦੀ ਮੰਗ ਕੀਤੀ ਜਾ ਰਹੀ ਹੈ।

CJI ਤੋਂ ਭਾਰਤ ਸਰਕਾਰ ਨਾਲ ਗੱਲ ਕਰਨ ਦੀ ਮੰਗ

ਦਿੱਲੀ ਤਮਿਲ ਐਡਵੋਕੇਟਸ ਐਸੋਸੀਏਸ਼ਨ ਨੇ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਮਾਮਲੇ ਨੂੰ ਭਾਰਤ ਸਰਕਾਰ ਅਤੇ ਨੇਪਾਲ ਨਾਲ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ। ਐਸੋਸੀਏਸ਼ਨ ਨੇ ਜਸਟਿਸ ਸ਼ਿਵਗਣਨਮ ਨੂੰ ਜਲਦ ਤੋਂ ਜਲਦ ਲੱਭਣ ਅਤੇ ਉਨ੍ਹਾਂ ਦੀ ਸੁਰੱਖਿਅਤ ਭਾਰਤ ਵਾਪਸੀ ਵਿੱਚ ਮਦਦ ਕਰਨ ਦੀ ਮੰਗ ਕੀਤੀ ਹੈ।

34 ਸਾਲ ਨਿਆਂਪਾਲਿਕਾ ਵਿੱਚ ਸੇਵਾ

ਜਸਟਿਸ ਸ਼ਿਵਗਣਨਮ ਨੇ ਭਾਰਤੀ ਨਿਆਂਪਾਲਿਕਾ ਵਿੱਚ ਕਰੀਬ 34 ਸਾਲ ਕੰਮ ਕੀਤਾ ਹੈ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ 23 ਜੁਲਾਈ 2025 ਤੋਂ ਸੀਨੀਅਰ ਐਡਵੋਕੇਟ ਬਣਾਇਆ ਗਿਆ ਸੀ। ਇਹ ਅਪੀਲ ਦਿੱਲੀ ਤਮਿਲ ਐਡਵੋਕੇਟਸ ਐਸੋਸੀਏਸ਼ਨ ਦੇ ਸਕੱਤਰ ਡਾ. ਰਾਮ ਸ਼ੰਕਰ ਨੇ 30 ਅਗਸਤ 2026 ਨੂੰ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਭੇਜੀ ਹੈ।

9500 ਲੋਕਾਂ ਨੂੰ ਸੁਰੱਖਿਅਤ ਕੱਢਿਆ

ਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਅਤੇ ਪ੍ਰਬੰਧਨ ਅਥਾਰਟੀ ਮੁਤਾਬਕ ਇਸ ਤ੍ਰਾਸਦੀ ਵਿੱਚ ਕਰੀਬ 9500 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਗਲੇਸ਼ੀਅਰ ਟੁੱਟਣ ਤੋਂ ਬਾਅਦ ਪਾਣੀ, ਚਿੱਕੜ ਅਤੇ ਮਲਬੇ ਦਾ ਤੇਜ਼ ਵਹਾਅ ਹੇਠਾਂ ਵੱਲ ਆਇਆ, ਜਿਸ ਨਾਲ ਮੱਧ ਨੇਪਾਲ ਦੇ ਕਈ ਕਸਬਿਆਂ ਅਤੇ ਪਿੰਡਾਂ ਨੂੰ ਨੁਕਸਾਨ ਪਹੁੰਚਿਆ। ਇਸ ਦੌਰਾਨ ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਜਲ-ਬਿਜਲੀ ਕੇਂਦਰ ਵੀ ਪ੍ਰਭਾਵਿਤ ਹੋਏ।

Share This Article
Leave a Comment