ਕੌਣ ਹਨ ਨਿਰੰਜਨ ਸਿੰਘ? ਜੋ ਅੰਮ੍ਰਿਤਪਾਲ ਸਿੰਘ ਦੀ ਪਾਰਟੀ ’ਚ ਹੋ ਰਹੇ ਨੇ ਸ਼ਾਮਲ, 6 ਹਜ਼ਾਰ ਕਰੋੜ ਦੇ ਡਰੱਗ ਕੇਸ ਨਾਲ ਆਏ ਸਨ ਚਰਚਾ ’ਚ

Global Team
3 Min Read

ਨਿਊਜ਼ ਡੈਸਕ: ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅੱਜ 23 ਸਤੰਬਰ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਨਿਰੰਜਨ ਸਿੰਘ ਨੇ ਖੁਦ ਵੀ ਇਸ ਸਬੰਧੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ, ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਵਰਗੇ ਮੁੱਦਿਆਂ ’ਤੇ ਬਦਲਾਅ ਦੀ ਲੋੜ ਹੈ।

ਨਿਰੰਜਨ ਸਿੰਘ ਮੁਤਾਬਕ ਉਹ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋਏ ਨੂੰ ਕਰੀਬ 5-6 ਸਾਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਸਰਕਾਰਾਂ ਨਸ਼ਾ ਖ਼ਤਮ ਕਰਨ ਦੇ ਵਾਅਦੇ ਕਰਦੀਆਂ ਰਹੀਆਂ ਹਨ, ਪਰ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਉਨ੍ਹਾਂ ਦੇ ਘਰ ਆਏ ਸਨ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ।

ਭੋਲਾ ਡਰੱਗ ਕੇਸ ਦੀ ਜਾਂਚ ਨਾਲ ਆਏ ਸਨ ਚਰਚਾ ’ਚ

ਨਿਰੰਜਨ ਸਿੰਘ ED ਵਿੱਚ ਆਪਣੀ ਤਾਇਨਾਤੀ ਦੌਰਾਨ ਪੰਜਾਬ ਨਾਲ ਜੁੜੇ ਕਈ ਚਰਚਿਤ ਮਨੀ ਲਾਂਡਰਿੰਗ ਅਤੇ FEMA ਮਾਮਲਿਆਂ ਦੀ ਜਾਂਚ ਨਾਲ ਜੁੜੇ ਰਹੇ। ਉਹ ਜਗਦੀਸ਼ ਸਿੰਘ ਭੋਲਾ ਅਤੇ ਰਾਜਾ ਕੰਦੋਲਾ ਨਾਲ ਸਬੰਧਤ ਡਰੱਗ ਮਾਮਲਿਆਂ ਦੀ ਜਾਂਚ ਵਿੱਚ ਵੀ ਅਹਿਮ ਭੂਮਿਕਾ ਵਿੱਚ ਰਹੇ। ਇਸੇ ਜਾਂਚ ਦੌਰਾਨ ਉਨ੍ਹਾਂ ਨੇ ਦਸੰਬਰ 2014 ਵਿੱਚ ਤਤਕਾਲੀ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਵੀ ਪੁੱਛਗਿੱਛ ਕੀਤੀ ਸੀ।

ਮਜੀਠੀਆ ਤੋਂ ਪੁੱਛਗਿੱਛ ਤੋਂ ਕੁਝ ਸਮੇਂ ਬਾਅਦ ਨਿਰੰਜਨ ਸਿੰਘ ਦਾ ਜਲੰਧਰ ਤੋਂ ਕੋਲਕਾਤਾ ਤਬਾਦਲਾ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਤਬਾਦਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਅਤੇ ਦਾਅਵਾ ਕੀਤਾ ਸੀ ਕਿ ਪ੍ਰਭਾਵਸ਼ਾਲੀ ਲੋਕਾਂ ਨਾਲ ਜੁੜੇ ਮਾਮਲੇ ਦੀ ਜਾਂਚ ਕਾਰਨ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ। ਬਾਅਦ ਵਿੱਚ ਤਬਾਦਲਾ ਰੱਦ ਹੋ ਗਿਆ ਅਤੇ ਉਨ੍ਹਾਂ ਨੇ ਜਲੰਧਰ ਵਿੱਚ ਰਹਿ ਕੇ ਜਾਂਚ ਜਾਰੀ ਰੱਖੀ।

ਚੋਣ ਲੜਨ ਬਾਰੇ ਫਿਲਹਾਲ ਕੋਈ ਵਿਚਾਰ ਨਹੀਂ

ਨਿਰੰਜਨ ਸਿੰਘ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਚੋਣ ਲੜਨ ਦਾ ਕੋਈ ਵਿਚਾਰ ਨਹੀਂ ਹੈ। ਅੰਮ੍ਰਿਤਪਾਲ ਸਿੰਘ ਨਾਲ ਜੁੜੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਅਦਾਲਤ ਫ਼ੈਸਲਾ ਕਰੇਗੀ।

ਉਨ੍ਹਾਂ ਪਾਰਟੀ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ਨੂੰ ਪੰਜਾਬ ਦੇ ਮੁੱਦਿਆਂ ਨਾਲ ਜੋੜਦਿਆਂ ਕਿਹਾ ਕਿ ਉਹ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਹਨ ਅਤੇ ਪਾਰਟੀ ਦੀ ਵਿਚਾਰਧਾਰਾ ਵੀ ਕਾਨੂੰਨ ਦੀ ਪਾਲਣਾ ਕਰਨ ਵਾਲੀ ਹੈ।

ਨਿਰੰਜਨ ਸਿੰਘ 31 ਮਈ 2021 ਨੂੰ ED ਦੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੀ ਸਰਕਾਰੀ ਸੇਵਾ ਦੌਰਾਨ ਪੰਜਾਬ ਦੇ ਕਈ ਵੱਡੇ ਡਰੱਗ ਅਤੇ ਮਨੀ ਲਾਂਡਰਿੰਗ ਮਾਮਲਿਆਂ ਦੀ ਜਾਂਚ ਕਾਰਨ ਉਹ ਚਰਚਾ ਵਿੱਚ ਰਹੇ।

Share This Article
Leave a Comment