ਤੇਜ਼ ਹਵਾਵਾਂ ਕਾਰਨ ਫਰਾਂਸ ਦੇ ਜੰਗਲਾਂ ਵਿੱਚ ਫੈਲੀ ਅੱਗ : 2,50,000 ਲੋਕ ਪ੍ਰਭਾਵਿਤ

Global Team
3 Min Read

ਫਰਾਂਸ : ਦੱਖਣ-ਪੱਛਮੀ ਫਰਾਂਸ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਹੁਣ ਬੇਕਾਬੂ ਹੁੰਦੀ ਜਾ ਰਹੀ ਹੈ। ਅੱਗ ਤੇਜ਼ੀ ਨਾਲ ਫੈਲਣ ਕਾਰਨ ਪ੍ਰਸ਼ਾਸਨ ਨੂੰ ਵੱਡੇ ਪੱਧਰ ‘ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣਾ ਪੈ ਰਿਹਾ ਹੈ। ਹੁਣ ਤੱਕ ਪੂਰੇ ਖੇਤਰ ਵਿੱਚ ਲਗਭਗ ਢਾਈ ਲੱਖ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋ ਚੁੱਕੇ ਹਨ।

ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਅੱਗ ਹੁਣ ਦੁਨੀਆ ਭਰ ਵਿੱਚ ਆਪਣੀ ਵਾਈਨ ਲਈ ਮਸ਼ਹੂਰ ਸ਼ਹਿਰ ਬੋਰਦੋ ਦੇ ਬਹੁਤ ਕਰੀਬ ਪਹੁੰਚ ਗਈ ਹੈ। ਪ੍ਰਸ਼ਾਸਨ ਨੇ ਸ਼ਹਿਰ ਦੇ ਦੱਖਣ-ਪੱਛਮ ਦੀਆਂ ਕਈ ਬਸਤੀਆਂ ਖਾਲੀ ਕਰਵਾ ਦਿੱਤੀਆਂ ਹਨ। ਤੇਜ਼ ਹਵਾਵਾਂ ਅਤੇ ਸੁੱਕਾ ਮੌਸਮ ਅੱਗ ਬੁਝਾਉਣ ਵਿੱਚ ਸਭ ਤੋਂ ਵੱਡੀ ਚੁਣੌਤੀ ਬਣੇ ਹੋਏ ਹਨ।

ਫਰਾਂਸ ਦੇ ਗ੍ਰਹਿ ਮੰਤਰੀ ਲੌਰੈਂਟ ਨੁਨੇਜ਼ ਨੇ ਕਿਹਾ ਕਿ ਹਾਲਾਤ ਬੇਹੱਦ ਔਖੇ ਹਨ। ਉਨ੍ਹਾਂ ਅਨੁਸਾਰ ਇਹ ਅੱਗ ਐਨੀ ਭਿਆਨਕ ਹੈ ਕਿ ਇਹ ਖੁਦ ਆਪਣੀ ਹਵਾ ਪੈਦਾ ਕਰ ਰਹੀ ਹੈ, ਜਿਸ ਨਾਲ ਇਸ ਦੀ ਦਿਸ਼ਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਗਿਆ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਪੂਰੀ ਰਾਤ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਜੁਟੇ ਰਹੇ।

ਅਧਿਕਾਰੀਆਂ ਦੇ ਬਿਆਨ ਅਨੁਸਾਰ, ਰਾਤ ਭਰ ਚੱਲੀਆਂ ਤੇਜ਼ ਹਵਾਵਾਂ ਨੇ ਇਸ ਅੱਗ ਨੂੰ ਹੋਰ ਭੜਕਾ ਦਿੱਤਾ, ਜਿਸ ਨਾਲ ਹਫ਼ਤੇ ਦੇ ਵਿਚਕਾਰ ਤੋਂ ਅੱਗ ਹੋਰ ਤੇਜ਼ੀ ਨਾਲ ਫੈਲਣ ਲੱਗੀ। ਇਸ ਤੋਂ ਇਲਾਵਾ, ਬੋਰਦੋ ਤੋਂ ਸਾਊਥ-ਵੈਸਟ ਵੱਲ ਜਾਣ ਵਾਲੇ ਇੱਕ ਵੱਡੇ ਹਾਈਵੇਅ ਨੂੰ ਆਂਸ਼ਿਕ ਤੌਰ ‘ਤੇ ਬੰਦ ਕਰਨ ਦਾ ਹੁਕਮ ਵੀ ਦਿੱਤਾ ਗਿਆ।

ਬੋਰਦੋ ਦੇ ਮੇਅਰ ਨੇ ਕਿਹਾ ਕਿ ਅੱਗ “ਅਜੇ ਵੀ ਮੈਟਰੋਪੋਲੀਟਨ ਖੇਤਰ ਦੀ ਸੀਮਾ ‘ਤੇ ਹੈ” ਅਤੇ ਇਹ Bordeaux ਤੋਂ ਸਭ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ਤੱਕ ਪਹੁੰਚ ਚੁੱਕੀ ਹੈ। ਸਾਊਥ ਫਰਾਂਸ ਦੇ ਲਾਂਦੇਸ ਇਲਾਕੇ ਵਿੱਚ ਲੱਗੀ ਇੱਕ ਹੋਰ ਅੱਗ ਦੇ ਕਾਰਨ ਇਸ ਹਫ਼ਤੇ 30 ਹਜ਼ਾਰ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ, ਜਿਸ ਨਾਲ ਅੱਗ ਕਾਰਨ ਘਰ ਛੱਡਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਢਾਈ ਲੱਖ ਤੋਂ ਵੱਧ ਹੋ ਗਈ ਹੈ।

ਫਰਾਂਸ ਦੇ ਗੁਆਂਢੀ ਦੇਸ਼ ਸਪੇਨ ਵਿੱਚ ਵੀ ਜੰਗਲ ਦੀ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਪੂਰਬੀ ਤੱਟ ਦੇ ਵਾਲੈਂਸੀਆ ਅਤੇ ਮੈਡ੍ਰਿਡ ਦੇ ਪੱਛਮੀ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਇੱਥੇ ਹੁਣ ਤੱਕ ਲਗਭਗ 1.16 ਲੱਖ ਲੋਕ ਵਿਸਥਾਪਿਤ ਹੋ ਚੁੱਕੇ ਹਨ। ਵਾਲੈਂਸੀਆ ਦੇ ਉਪਨਗਰ ਮਾਨੀਸੇਸ ਵਿੱਚ ਚਾਰ ਘੰਟੇ ਤੱਕ ਬੇਕਾਬੂ ਰਹੀ ਅੱਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਨਵੀਂ ਅੱਗ ਦੀ ਘਟਨਾ ਵਿੱਚ ਸਪੇਨ ਦੀ ਇਹ ਪਹਿਲੀ ਮੌਤ ਹੈ। ਇਸ ਤੋਂ ਪਹਿਲਾਂ ਇਸੇ ਮਹੀਨੇ ਦੱਖਣੀ ਸਪੇਨ ਵਿੱਚ ਲੱਗੀ ਭਿਆਨਕ ਅੱਗ ਵਿੱਚ 13 ਲੋਕਾਂ ਦੀ ਜਾਨ ਜਾ ਚੁੱਕੀ ਸੀ।

Share This Article
Leave a Comment