ਓਂਟਾਰੀਓ : ਓਂਟਾਰੀਓ ਦੀ ਡਗ ਫੋਰਡ ਸਰਕਾਰ ਨੇ ‘ਪੇਡ ਸਿੱਕ ਡੇਅਜ਼’ ਕੋਵਿਡ-19 ਪ੍ਰੋਗਰਾਮ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨੂੰ 31 ਜੁਲਾਈ 2022 ਤੱਕ ਵਧਾ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਇਸ ਸਾਲ ਦੇ ਅੰਤ ਵਿੱਚ ਖ਼ਤਮ ਹੋਣ ਜਾ ਰਿਹਾ ਸੀ।
ਫੋਰਡ ਸਰਕਾਰ ਵੱਲੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਅਪਰੈਲ ਵਿੱਚ ਕੀਤੀ ਗਈ ਸੀ। ਜਿਸ ਤਹਿਤ ਕੰਪਨੀਆਂ ਨੂੰ ਆਪਣੇ ਕਿਸੇ ਵੀ ਮੁਲਾਜ਼ਮ ਦੇ ਬੀਮਾਰ ਹੋਣ ਉੱਤੇ ਛੁੱਟੀ ਲੈਣ ਮਗਰੋਂ ਤਿੰਨ ਦਿਨਾਂ ਤੱਕ ਰੋਜ਼ਾਨਾ 200 ਡਾਲਰ ਦੇਣ ਦੀ ਹਦਾਇਤ ਕੀਤੀ ਗਈ ਸੀ।
ਪ੍ਰੋਵਿੰਸ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਰਕਪਲੇਸ ਸੇਫਟੀ ਐਂਡ ਇੰਸ਼ੋਰੈਂਸ ਬੋਰਡ ਨਾਲ ਭਾਈਵਾਲੀ ਕੀਤੀ ਸੀ।ਇਹ ਪਲੈਨ ਫੁੱਲ ਤੇ ਪਾਰਟ ਟਾਈਮ ਮੁਲਾਜ਼ਮਾਂ ਲਈ ਉਪਲਬਧ ਹੈ। ਮੈਂਟਲ ਹੈਲਥ ਡੇਅਜ਼ ਲਈ ਯੋਗ ਹੋਣ ਵਾਲੇ ਵਰਕਰਜ਼ ਘਰ ਰਹਿ ਕੇ ਆਪਣੇ ਕੋਵਿਡ-19 ਕਾਰਨ ਬੀਮਾਰ ਪਏ ਰਿਸ਼ਤੇਦਾਰਾਂ ਜਾਂ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰ ਸਕਦੇ ਹਨ।
ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ ਸੈਂਕੜੇ ਵਰਕਰਜ਼ ਸਾਡੇ ਇਸ ਪ੍ਰੋਗਰਾਮ ਦੀ ਵਰਤੋਂ ਕਰ ਚੁੱਕੇ ਹਨ।ਇਹ ਪ੍ਰੋਗਰਾਮ ਦੇਸ਼ ਵਿੱਚ ਆਪਣੀ ਹੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੈ। ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਵਰਕਰਜ਼ ਲਈ ਕੰਮ ਕਰ ਰਹੀ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਖੁਦ ਨੂੰ ਤੇ ਆਪਣੇ ਪਰਿਵਾਰਾਂ ਨੂੰ ਸੇਫ ਰੱਖਣ ਲਈ ਜਿਹੜੀ ਮਦਦ ਸਰਕਾਰ ਕਰ ਸਕਦੀ ਹੈ ਉਹ ਕੀਤੀ ਜਾਵੇ।
ਉਨ੍ਹਾਂ ਆਖਿਆ ਕਿ ਇਸ ਪ੍ਰੋਗਰਾਮ ਵਿੱਚ ਇਸੇ ਲਈ ਵਾਧਾ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਵਰਕਰਜ਼ ਇਸ ਦਾ ਲਾਹਾ ਲੈ ਸਕਣ।