ਸਿੱਕਮ ‘ਚ ਖੱਡ ‘ਚ ਡਿੱਗਿਆ ਟਰੱਕ, ਭਾਰਤੀ ਫ਼ੌਜ ਦੇ 16 ਜਵਾਨ ਸ਼ਹੀਦ ਅਤੇ 4  ਜ਼ਖ਼ਮੀ

Rajneet Kaur
3 Min Read

ਨਿਊਜ਼ ਡੈਸਕ: ਸਿੱਕਮ ‘ਚ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ ‘ਚ ਫ਼ੌਜ ਦੇ 16 ਜਵਾਨ ਸ਼ਹੀਦ ਅਤੇ 4  ਜ਼ਖ਼ਮੀ ਹੋ ਗਏ ਹਨ। ਇੱਕ  ਮੋੜ ਤੋਂ ਲੰਘਣ ਵੇਲੇ ਫੌਜ ਦਾ ਟਰੱਕ ਡੂੰਘੀ ਖੱਡ ‘ਚ ਜਾ ਡਿੱਗਿਆ, ਜਿਸ ਕਰਕੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਫੌਜ ਦੀ ਰੈਸਕਿਊ ਟੀਮ ਨੇ 4 ਜ਼ਖਮੀ ਜਵਾਨਾਂ ਨੂੰ ਏਅਰਲਿਫਟ ਕੀਤਾ ਹੈ। ਲਾਸ਼ਾਂ ਨੂੰ ਵੀ ਕੱਢਿਆ ਜਾ ਰਿਹਾ ਹੈ।

ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਸੜਕ ਹਾਦਸੇ ‘ਚ ਭਾਰਤੀ ਫੌਜ ਦੇ ਜਵਾਨਾਂ ਦੇ ਸ਼ਹੀਦ ਹੋਣ ‘ਤੇ ਡੂੰਘੇ ਦੁੱਖ ਵਿਚ ਹਨ। ਉਨ੍ਹਾਂ ਕਿਹਾ, ‘ਦੁਖੀ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 16 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਖਬਰ ਸੁਣ ਕੇ ਦਿਲ ਝੰਜੋੜਿਆ ਗਿਆ ਹੈ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟਾਈ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਮਤ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

- Advertisement -

ਫ਼ੌਜ ਵੱਲੋਂ ਕਿਹਾ ਗਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਉੱਤਰੀ ਸਿੱਕਮ ਦੇ ਜੇਮਾ ਵਿੱਚ ਵਾਪਰੀ। ਇਸ ਦਰਦਨਾਕ ਸੜਕ ਹਾਦਸੇ ਵਿੱਚ 16 ਬਹਾਦਰ ਫੌਜੀ ਸ਼ਹੀਦ ਹੋ ਗਏ ਹਨ। ਜਿਸ ਗੱਡੀ ਨਾਲ ਇਹ ਹਾਦਸਾ ਵਾਪਰਿਆ, ਉਹ ਫ਼ੌਜ ਦੇ ਕਾਫ਼ਲੇ ਦੀਆਂ ਤਿੰਨ ਗੱਡੀਆਂ ਵਿੱਚੋਂ ਇੱਕ ਸੀ। ਇਹ ਗੱਡੀਆਂ ਚੱਟਾਨ ਤੋਂ ਥਾਂਗੂ ਵੱਲ ਜਾ ਰਹੀਆਂ ਸਨ।

ਇਸ ਦੌਰਾਨ  ਮੋੜ ਤੋਂ ਲੰਘਦੇ ਸਮੇਂ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਘਟਨਾ ਦੇ ਤੁਰੰਤ ਬਾਅਦ ਬਚਾਅ ਮੁਹਿੰਮ ਚਲਾਈ ਗਈ ਅਤੇ 4 ਜ਼ਖਮੀ ਜਵਾਨਾਂ ਨੂੰ ਏਅਰਲਿਫਟ ਕੀਤਾ ਗਿਆ। ਇਸ ਹਾਦਸੇ ਵਿੱਚ ਸ਼ਹੀਦ ਹੋਣ ਵਾਲਿਆਂ ਵਿੱਚ 3 ਜੂਨੀਅਰ ਕਮਿਸ਼ਨਡ ਅਫਸਰ ਅਤੇ 13 ਫੌਜੀ ਹਨ। ਫੌਜ ਦੀ ਤਰਫੋਂ, ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment