ਚੰਡੀਗੜ੍ਹ: ਪੰਜਾਬ ਦੇ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਇਸ ਸਮੇਂ ਹੜ੍ਹਾਂ ਦੀ ਲਪੇਟ ਵਿੱਚ ਹਨ। ਹੁਣ ਤੱਕ 1312 ਪਿੰਡ ਇਸ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਇਸ ਦੌਰਾਨ, ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਵੀ ਸੂਬੇ ਵਿੱਚ ਆਏ ਭਾਰੀ ਹੜ੍ਹਾਂ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸੰਜੇ ਦੱਤ ਨੇ ਆਪਣੀ ਪੋਸਟ ਵਿੱਚ ਲਿਖਿਆ, ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ ਉਹ ਸੱਚਮੁੱਚ ਦਿਲ ਤੋੜਨ ਵਾਲਾ ਹੈ।ਮੈਂ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਾ ਹਾਂ। ਪ੍ਰਭਾਵਿਤ ਸਾਰੇ ਲੋਕਾਂ ਨੂੰ ਤਾਕਤ ਅਤੇ ਪ੍ਰਾਰਥਨਾਵਾਂ ਭੇਜ ਰਿਹਾ ਹਾਂ। ਮੈਂ ਹਰ ਸੰਭਵ ਤਰੀਕੇ ਨਾਲ ਮਦਦ ਕਰਾਂਗਾ। ਬਾਬਾ ਜੀ ਸਾਰਿਆਂ ਨੂੰ ਅਸੀਸ ਦੇਣ ਅਤੇ ਰੱਖਿਆ ਕਰਨ।
ਸਤਿੰਦਰ ਸਰਤਾਜ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ 500 ਪਰਿਵਾਰਾਂ ਲਈ ਇੱਕ ਮਹੀਨੇ ਦਾ ਰਾਸ਼ਨ ਦਾਨ ਕੀਤਾ ਹੈ। ਪੰਜਾਬੀ ਗਾਇਕ ਗੁਰਦਾਸ ਮਾਨ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 25 ਲੱਖ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ।
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਪੰਜਾਬ ਦੇ ਹਾਲਾਤਾਂ ਵਿਚਕਾਰ ਅੰਮ੍ਰਿਤਸਰ ਦੇ ਅਜਨਾਲਾ ਪਹੁੰਚੀ। ਇਸ ਦੌਰਾਨ ਉਸਨੇ ਪੰਜਾਬ ਲਈ ਮਦਦ ਦੀ ਅਪੀਲ ਕੀਤੀ ਹੈ। ਉਹ ਆਪਣੇ ਨਾਲ ਰਾਸ਼ਨ ਲੈ ਕੇ ਆਈ ਸੀ। ਉਸਨੇ ਕਿਹਾ ਕਿ ਉਹ ਫਤਿਹਗੜ੍ਹ ਚੂੜੀਆਂ ਤੋਂ ਹੈ ਅਤੇ ਅਜਨਾਲਾ ਉਸਦਾ ਗੁਆਂਢੀ ਜ਼ਿਲ੍ਹਾ ਹੈ। ਅਜਿਹੀ ਸਥਿਤੀ ਵਿੱਚ, ਉਹ ਆਪਣੇ ਨਾਲ ਰਾਸ਼ਨ ਲੈ ਕੇ ਆਈ ਹੈ।
ਕਰਨ ਔਜਲਾ ਨੇ ਕਿਹਾ- ਅਸੀਂ ਜਿੰਨਾ ਹੋ ਸਕੇ ਮਦਦ ਕਰ ਰਹੇ ਹਾਂ। ਮੇਰੇ ਸਾਥੀ ਅਤੇ ਮੇਰੀ ਟੀਮ ਪੰਜਾਬ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ। ਅਸੀਂ ਭੋਜਨ, ਦਵਾਈ ਅਤੇ ਹੋਰ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਾਂ। ਜਿਹੜੇ ਲੋਕ ਮੈਨੂੰ ਪਿਆਰ ਕਰਦੇ ਹਨ ਅਤੇ ਜਿਹੜੇ ਨਹੀਂ ਕਰਦੇ, ਉਨ੍ਹਾਂ ਨੂੰ ਜ਼ਰੂਰ ਸਾਡੇ ਪੰਜਾਬ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਹੜ੍ਹ ਪੀੜਤਾਂ ਨੂੰ ਮਦਦ ਮਿਲ ਸਕੇ। ਮੈਂ ਜਿੰਨਾ ਹੋ ਸਕੇ ਮਦਦ ਕਰਦਾ ਰਹਾਂਗਾ।
ਦਿਲਜੀਤ ਦੋਸਾਂਝ ਦੇ ਸਾਂਝ ਫਾਊਂਡੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਹੋਰ ਗੈਰ-ਸਰਕਾਰੀ ਸੰਗਠਨਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੜ੍ਹ ਰਾਹਤ ਕਾਰਜਾਂ ਦੀ ਹਮਾਇਤ ਲਈ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ 10 ਬਹੁਤ ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈ ਰਿਹਾ ਹੈ।ਲਗਾਤਾਰ ਮੀਂਹ ਅਤੇ ਦਰਿਆਵਾਂ ਦੇ ਪਾਣੀ ਵਧਣ ਕਾਰਨ ਕਈ ਪਿੰਡ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ। ਲੋਕ ਆਪਣੇ ਘਰ ਛੱਡ ਕੇ ਦੂਜੇ ਪਿੰਡਾਂ ਜਾਂ ਕੈਂਪਾਂ ਵਿੱਚ ਜਾਣ ਲਈ ਮਜਬੂਰ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ, ਹਰ ਪਾਸਿਓਂ ਪੰਜਾਬ ਲਈ ਅਰਦਾਸਾਂ ਲਈ ਹੱਥ ਉੱਠ ਰਹੇ ਹਨ ਅਤੇ ਬਹੁਤ ਸਾਰੇ ਲੋਕ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਟੀਮ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਦਿਲਜੀਤ ਦੋਸਾਂਝ ਦੀ ਟੀਮ ਜ਼ਮੀਨੀ ਪੱਧਰ ਉਤੇ ਲੋਕਾਂ ਦੀ ਮਦਦ ਕਰ ਰਹੀ ਹੈ। ਟੀਮ ਦੇ ਮੈਂਬਰ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਖੇਤਰਾਂ ਵਿੱਚ ਜਾ ਰਹੇ ਹਨ ਅਤੇ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ, ਸਾਫ਼ ਪੀਣ ਵਾਲਾ ਪਾਣੀ, ਕੱਪੜੇ ਅਤੇ ਦਵਾਈਆਂ ਦੇ ਰਹੀ ਹੈ।