ਹਿਮਾਚਲ ਪ੍ਰਦੇਸ਼ ਵਿੱਚ ਚਾਰ ਹੈਲੀਪੋਰਟਾਂ ਤੋਂ ਜਲਦੀ ਹੀ ਉਡਾਣਾਂ ਹੋਣਗੀਆਂ ਸ਼ੁਰੂ

Rajneet Kaur
2 Min Read

ਸ਼ਿਮਲਾ:  ਹਿਮਾਚਲ ਪ੍ਰਦੇਸ਼ ਵਿੱਚ ਹਵਾਈ ਸੇਵਾਵਾਂ ਦਾ ਹੁਣ ਜਲਦ ਹੀ ਵਿਸਥਾਰ ਹੋਵੇਗਾ।  ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਚੰਬਾ, ਪਾਲਮਪੁਰ, ਰੱਕੜ (ਕਾਂਗੜਾ) ਅਤੇ ਰੇਕਾਂਗ ਪੀਓ ਹੈਲੀਪੋਰਟਾਂ ਲਈ ਸਸਤੇ ਹਵਾਈ ਕਿਰਾਏ ‘ਤੇ ਹੈਲੀਕਾਪਟਰ ਸੇਵਾਵਾਂ ਜਲਦੀ ਹੀ ਸ਼ੁਰੂ ਹੋਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਡਾਨ ਯੋਜਨਾ ਵਿੱਚ ਇਨ੍ਹਾਂ ਹੈਲੀਪੋਰਟਾਂ ਦੀ ਪਛਾਣ ਕੀਤੀ ਗਈ ਹੈ। ਹਵਾਈ ਫਲਾਈਟਾਂ ਦੇ ਸ਼ੁਰੂ ਹੋਣ ਨਾਲ ਦੂਰ-ਦੁਰਾਡੇ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਫੈਸਲੇ ਨਾਲ ਸੈਰ ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।

ਉਨ੍ਹਾਂ ਕਿਹਾ ਕਿ ਨਵੀਂ ਹੈਲੀਕਾਪਟਰ ਸੇਵਾਵਾਂ ਸੈਰ ਸਪਾਟੇ ਅਤੇ ਸਥਾਨਿਕ ਲੋਕਾਂ ਦੋਵਾਂ ਲਈ ਵਰਦਾਨ ਸਾਬਤ ਹੋਣਗੀਆਂ। ਹਿਮਾਚਲ ਨੂੰ ਸੈਰ ਸਪਾਟਾ ਰਾਜ ਵਜੋਂ ਵਿਕਸਤ ਕਰਨਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿੱਚ ਸੈਰ-ਸਪਾਟੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ, ਸੈਲਾਨੀਆਂ ਦੀ ਗਿਣਤੀ ਵਧਾਉਣ ਅਤੇ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਜ਼ਿਲ੍ਹਾ ਹੈੱਡਕੁਆਰਟਰ ‘ਤੇ ਹੈਲੀਪੋਰਟ ਸਥਾਪਤ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਕਾਂਗੜਾ ਹਵਾਈ ਅੱਡੇ ਦਾ ਵਿਸਤਾਰ ਵੀ ਜਾਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਹਵਾਈ ਸੰਪਰਕ ਸੇਵਾਵਾਂ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਹਾਲ ਹੀ ਵਿੱਚ, ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁੱਲੂ ਦੇ ਭੁੰਤਰ ਤੱਕ ਹਵਾਈ ਉਡਾਣਾਂ ਸ਼ੁਰੂ ਹੋਈਆਂ ਹਨ, ਜੋ ਕਿ ਰਾਜ ਵਿੱਚ ਸੈਲਾਨੀਆਂ ਦੀ ਆਮਦ ਨੂੰ ਵਧਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ ਕਿਉਂਕਿ ਅੰਮ੍ਰਿਤਸਰ ਹਵਾਈ ਅੱਡਾ ਵੱਖ-ਵੱਖ ਘਰੇਲੂ ਅਤੇ ਅੰਤਰਰਾਸ਼ਟਰੀ ਸਥਾਨਾਂ ਨੂੰ ਜੋੜਨ ਵਾਲਾ ਇੱਕ ਪ੍ਰਮੁੱਖ ਹੱਬ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment