ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ਦੇ ਖੋਜਾਰਥੀਆਂ ਨੂੰ ਨਨਕਾਣਾ ਸਾਹਿਬ ਯੂਨੀਵਰਸਿਟੀ ਦਾ ਕੀ ਹੋਵੇਗਾ ਲਾਭ ?

TeamGlobalPunjab
2 Min Read

ਪਾਕਿਸਤਾਨ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਸਥਾਪਤ ਕਰ ਕੇ ਇਕ ਵੱਡੀ ਮਿਸਾਲ ਪੇਸ਼ ਕਰ ਦਿੱਤੀ ਹੈ। ਯੂਨੀਵਰਸਿਟੀ ਉਸਾਰਨ ਦੀ ਤਜਵੀਜ਼ ਡੇਢ ਦਹਾਕੇ ਪਹਿਲਾਂ ਉਲੀਕੀ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਸਾਲ ਜੁਲਾਈ ਵਿੱਚ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਸੀ। ਦੱਸ ਏਕੜ ਤੋਂ ਵੱਧ ਰਕਬੇ ’ਚ ਬਣਨ ਵਾਲੀ ਕੌਮਾਂਤਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਇਮਰਾਨ ਖ਼ਾਨ ਨੇ ਰੱਖ ਕੇ ਅਮਲ ਸ਼ੁਰੂ ਕਰ ਦਿੱਤਾ ਹੈ।

ਇਮਰਾਨ ਖਾਨ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਕਰਤਾਰਪੁਰ ਮਦੀਨਾ ਅਤੇ ਨਨਕਾਣਾ ਸਾਹਿਬ ਮੱਕਾ ਹੈ। ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ। ਯੂਨੀਵਰਸਿਟੀ ਦੇ ਇਸ ਪ੍ਰਾਜੈਕਟ ’ਤੇ 6 ਅਰਬ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਯੂਨੀਵਰਸਿਟੀ ਵਿੱਚ ਪੰਜਾਬੀ ਤੇ ਖ਼ਾਲਸਾ ਭਾਸ਼ਾਵਾਂ ਪੜ੍ਹਾਈਆਂ ਜਾਣਗੀਆਂ। ਸੂਬਾ ਸਰਕਾਰ ਨੇ ਗੁਰੂ ਨਾਨਕ ਦੇ ਜਨਮ ਅਸਥਾਨ ਵਿਖੇ ਯੂਨੀਵਰਸਿਟੀ ਦੀ ਸਥਾਪਨਾ ਲਈ 70 ਏਕੜ ਜ਼ਮੀਨ ਅਲਾਟ ਕੀਤੀ ਸੀ। ਪਾਕਿਸਤਾਨ ਦਾ ਘੱਟਗਿਣਤੀ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਸਿੱਖ ਧਰਮ ਦੇ ਬਾਨੀ ਦੇ ਨਾਂ ’ਤੇ ਯੂਨੀਵਰਸਿਟੀ ਸਥਾਪਤ ਕਰਨ ਦੀ ਮੰਗ ਕਰ ਰਿਹਾ ਸੀ।

ਇਹ ਵੀ ਪਤਾ ਲੱਗਾ ਹੈ ਕਿ ਇਸੇ ਸਾਲ ਪਾਕਿਸਤਾਨ ਦੀ ਇਕ ਯੂਨੀਵਰਸਿਟੀ ਨੇ ਸ਼ਾਂਤੀ ਤੇ ਅਮਨ ਦੇ ਸੁਨੇਹੇ ਦੇ ਪ੍ਰਚਾਰ ਲਈ ਪਹਿਲੀ ਵਾਰ ਬਾਬਾ ਗੁਰੂ ਨਾਨਕ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਯੂਨੀਵਰਸਿਟੀ ਦੇ ਤਰਜ਼ਮਾਨ ਖੁੱਰਮ ਸ਼ਹਿਜ਼ਾਦ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਬਾਬੇ ਨਾਨਕ ਦੀਆਂ ਸਿੱਖਿਆਵਾਂ ’ਤੇ ਖੋਜ ਅਤੇ ਅਧਿਐਨ ਕਰਨਗੇ। ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਸਿੱਖਾਂ ਤੋਂ ਇਲਾਵਾ ਅਧਿਆਪਕਾਂ ਦੀ ਵੀ ਮੰਗ ਸੀ, ਜੋ ਸਮਾਜ ਵਿੱਚ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਦੇ ਸਹਿਣਸ਼ੀਲਤਾ ਦੇ ਸੁਨੇਹੇ ਤੇ ਪ੍ਰਚਾਰ ਦੀ ਲੋੜ ਨੂੰ ਸਮਝਦੇ ਹਨ। ਯੂਨੀਵਰਸਿਟੀ ਦੀ ਸਥਾਪਨਾ ਨਾਲ ਖੋਜਾਰਥੀਆਂ ਨੂੰ ਗੁਰੂ ਨਾਨਕ ਦੇਵ ਦੇ ਸਿਧਾਂਤਾਂ ਉਪਰ ਨਵੀਆਂ ਖੋਜਾਂ ਕਾਰਨ ਦੇ ਮੌਕੇ ਪ੍ਰਦਾਨ ਹੋਣਗੇ।

-ਅਵਤਾਰ ਸਿੰਘ

ਸੀਨੀਅਰ ਪੱਤਰਕਾਰ

Share this Article
Leave a comment