ਕੈਨੇਡੀਅਨ ਲੋਕ ਜਗਮੀਤ ਸਿੰਘ ਨੂੰ ਏਰਿਨ ਓਟੂਲ ਤੋਂ ਬਿਹਤਰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਦੇਖਦੇ ਹਨ: ਸਰਵੇਖਣ

TeamGlobalPunjab
2 Min Read

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਨਡੀਪੀ ਆਗੂ ਜਗਮੀਤ ਸਿੰਘ ਕੋਲ ਸੰਭਾਵੀ ਚੋਣਾਂ ਦੇ ਐਲਾਨ ਤੋਂ ਕੁੱਝ ਦਿਨ ਪਹਿਲਾਂ ਮੁਸਕੁਰਾਉਣ ਦੀ ਵਜ੍ਹਾ ਹੈ। ਇੱਕ ਨਵੇਂ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਹੁਤੇ ਕੈਨੇਡੀਅਨਜ਼ ਦਾ ਇਹ ਮੰਨਣਾ ਹੈ ਕਿ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਤੋਂ ਜਗਮੀਤ ਸਿੰਘ ਬਿਹਤਰ ਪ੍ਰਧਾਨ ਮੰਤਰੀ ਬਣ ਸਕਦੇ ਹਨ।

ਲੈਜਰ ਅਤੇ ਦ ਐਸੋਸਿਏਸ਼ਨ ਫੌਰ ਕੈਨੇਡੀਅਨ ਸਟੱਡੀਜ਼ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ 25 ਫੀਸਦੀ ਵੱਲੋਂ ਜਸਟਿਨ ਟਰੂਡੋ ਨੂੰ ਬਿਹਤਰ ਪ੍ਰਧਾਨ ਮੰਤਰੀ ਦੱਸਿਆ ਗਿਆ ਹੈ ਜਦਕਿ 19 ਫੀਸਦੀ ਵੱਲੋਂ ਜਗਮੀਤ ਸਿੰਘ ਨੂੰ ਪ੍ਰਾਧਨ ਮੰਤਰੀ ਵਜੋਂ ਆਪਣੀ ਪਹਿਲੀ ਪਸੰਦ ਤੇ 13 ਫੀਸਦੀ ਵੱਲੋਂ ਓਟੂਲ ਨੂੰ ਆਪਣੀ ਪਸੰਦ ਦੱਸਿਆ ਗਿਆ ਹੈ। ਤੈਅਸ਼ੁਦਾ ਵੋਟਰਾਂ ਵਿੱਚ ਐਨਡੀਪੀ ਦਾ ਸਮਰਥਨ ਤਿੰਨ ਫੀਸਦੀ ਵਧਿਆ ਹੈ ਜਦਕਿ ਲਿਬਰਲਾਂ ਤੇ ਟੋਰੀਜ਼ ਲਈ ਵੋਟਰਾਂ ਦੇ ਸਮਰਥਨ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ ਹੈ।

34 ਫੀਸਦੀ ਤੈਅਸ਼ੁਦਾ ਵੋਟਰਾਂ ਦਾ ਕਹਿਣਾ ਹੈ ਕਿ ਉਹ ਲਿਬਰਲਾਂ ਦਾ ਸਾਥ ਦੇਣਗੇ ਜਦਕਿ 29 ਫੀਸਦੀ ਵੱਲੋਂ ਕੰਜ਼ਰਵੇਟਿਵਾਂ ਤੇ 22 ਫੀਸਦੀ ਵੱਲੋਂ ਐਨਡੀਪੀ ਦਾ ਸਾਥ ਦੇਣ ਦੀ ਗੱਲ ਆਖੀ ਗਈ ਹੈ। ਇਹ ਆਨਲਾਈਨ ਸਰਵੇਖਣ 16 ਤੋਂ 18 ਜੁਲਾਈ ਨੂੰ ਕਰਵਾਇਆ ਗਿਆ। ਇਸ ਵਿੱਚ 2069 ਕੈਨੇਡੀਅਨਜ਼ ਨੇ ਹਿੱਸਾ ਲਿਆ। ਇਸ ਸਰਵੇਖਣ ਦੇ ਨਤੀਜੇ ਕੰਜ਼ਰਵੇਟਿਵਾਂ ਤੇ ਓਟੂਲ ਲਈ ਤਾਂ ਮਾੜੀ ਖਬਰ ਹੀ ਹਨ ਸਗੋਂ ਇਹ ਟਰੂਡੋ ਲਈ ਵੀ ਕੋਈ ਬਹੁਤੀ ਚੰਗੀ ਖਬਰ ਨਹੀਂ ਹਨ। ਉਹ ਇਸ ਲਈ ਕਿਉਂਕਿ ਜੇ ਅਜਿਹਾ ਹੁੰਦਾ ਹੈ ਤਾਂ ਟਰੂਡੋ ਵੀ ਬਹੁਮਤ ਨਾਲ ਸਰਕਾਰ ਨਹੀਂ ਬਣਾ ਸਕਣਗੇ।

Share this Article
Leave a comment