ਕੇਂਦਰ ਸਰਕਾਰ ਪੰਜਾਬੀਆਂ ਦੇ ਹੱਕੀ ਮਸਲੇ ਹੱਲ ਕਰੇ, ਸਾਡੇ ਲਈ ਪੰਥ ਅਤੇ ਪੰਜਾਬ ਦੇ ਹਿੱਤ ਵਡੇਰੇ: ਪਰਮਿੰਦਰ ਸਿੰਘ ਢੀਂਡਸਾ

TeamGlobalPunjab
3 Min Read

ਚੰਡੀਗੜ੍: ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਦੀ ਭਾਜਪਾ ਸਰਕਾਰ ਤੋਂ ਸਿੱਖ ਪੰਥ ਅਤੇ ਪੰਜਾਬ ਦੇ ਲੰਮੇ ਸਮੇਂ ਤੋਂ ਲਟਕਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ ਹੈ। ਸ: ਢੀਂਡਸਾ ਨੇ ਕਿਹਾ ਕਿ ਕੇਂਂਦਰ ਦੀ ਭਾਜਪਾ ਸਰਕਾਰ ਸਿੱਖ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦਾ ਐਲਾਨ ਕਰੇ।

 ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਮੁੱਖ ਮਨੋਰਥ ਸੱਤਾ ਹਾਸਿਲ ਕਰਨਾ ਨਹੀ ਹੈ ਬਲਕਿ ਪੰਜਾਬ ਦੇ ਰੋਸ਼ਨ ਭਵਿੱਖ ਲਈ ਨਿੱਜੀ ਹਿੱਤਾਂ ਨੂੰ ਲਾਂਭੇ ਕਰਕੇ ਪੰਥ ਅਤੇ ਪੰਜਾਬ ਦੇ ਹੱਕੀ ਮਸਲੇ ਹੱਲ ਕਰਵਾਉਣਾ ਹੈ।  ਉਨ੍ਹਾਂ ਕਿਹਾ ਕਿ ਦੇਸ਼ ਦੀ ਆਜਾ਼ਦੀ ਵਿੱਚ ਪੰਜਾਬ ਅਤੇ ਖਾਸਕਰ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵੱਡਮੁਲਾ ਯੋਗਦਾਨ ਪਾਇਆ ਹੈ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬੀਆਂ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ਨਹੀ ਪਾਇਆ।

ਸ: ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਥਕ ਮਸਲਿਆਂ ਦਾ ਹੱਲ ਕੱਢੇ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਜਿਨ੍ਹਾਂ ਵਿੱਚ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪਰਵਾਸੀ ਪੰਜਾਬੀਆਂ ਦੀ ਕਾਲੀਆਂ ਸੂਚੀਆਂ ਦਾ ਖਾਤਮਾ, ਐੱਸ.ਜੀ.ਪੀ.ਸੀ ਦੀਆਂ ਚੋਣਾਂ ਛੇਤੀ ਕਰਵਾਈਆਂ ਜਾਣ, 1984 ਵਿੱਚ ਘੱਲੂਘਾਰੇ ਮੌਕੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਬੇਸ਼ਕੀਮਤੀ ਸਮਾਨ, ਪਾਵਨ ਬੀੜਾਂ ਅਤੇ ਇਤਿਹਾਸਿਕ ਦਸਤਾਵੇਜ ਆਦਿ ਵਾਪਿਸ ਕਰਨਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮੁੱਦਾ,ਪੰਜਾਬ ਸਿਰ ਕਾਲੇ ਸਮੇਂ ਦੌਰਾਨ ਚੜ੍ਹੇ ਕਰਜ਼ੇ ਦੀ ਮੁਆਫ਼ੀ ਅਤੇ ਕਿਸਾਨਾਂ ਨੂੰ ਖੇਤੀਬਾੜੀ ਕਰਜ਼ੇ ਤੋਂ ਰਾਹਤ ਦਾ ਐਲਾਨ, ਇਸ ਤੋਂ ਇਲਾਵਾ ਪੰਜਾਬ ਦੀ ਨੌਜਵਾਨੀ ਨੂੰ ਰੁਜ਼ਗਾਰ ਮੁਹੱਈਆ ਕਰਨ ਅਤੇ ਸੂਬੇ ਦੀ ਤਰੱਕੀ ਲਈ ਖੇਤੀਬਾੜੀ ਅਧਾਰਿਤ ਸਨਅਤਾਂ ਵਿਕਸਤ ਕੀਤੀ ਜਾਵੇ, ਗੁਆਂਢੀ ਸੂਬਿਆਂ ਦੀ ਤਰਜ਼ ਤੇ ਪੰਜਾਬ ਦੀ ਸਨਅਤ ਨੂੰ ਪ੍ਰਫੂਲਤ ਕਰਨ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾਵੇ ਅਤੇ ਵਾਹਗਾ ਬਾਰਡਰ ਖੋਲ੍ਹਣ ਅਤੇ ਕਿਸਾਨੀ ਜਿਣਸਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਅੰਤਰਰਾਸ਼ਟਰੀ ਕਾਰਗੋ ਟਰਮੀਨਲ ਬਣਾਏ ਜਾਣ ਵਰਗੀਆਂ ਮੰਗਾਂ ਸ਼ਾਮਿਲ ਹਨ।

ਉਪਰੋਕਤ ਮੰਗਾਂ ਸਬੰਧੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਮੰਗਾਂ ਕਈਂ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਹਨ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਨੇ ਦੇਸ਼ ਸਮੇਤ ਪੰਜਾਬ ਵਿੱਚ ਸਿੱਖਾਂ ਅਤੇ ਪੰਜਾਬ ਦਾ ਜੋ ਨੁਕਸਾਨ ਕੀਤਾ ਹੈ ਉਹ ਕਦੇ ਵੀ ਭੁੱਲਿਆ ਨਹੀ ਜਾ ਸਕਦਾ। ਸ: ਢੀਂਡਸਾ ਨੇ ਉਮੀਦ ਜ਼ਾਹਿਰ ਕੀਤੀ ਕਿ ਭਾਜਪਾ ਸਰਕਾਰ ਸਿੱਖਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਮੰਨ ਕੇ ਕਾਂਗਰਸ ਸਰਕਾਰਾਂ ਵੱਲੋਂ ਦਿੱਤੇ ਗਏ ਜ਼ਖ਼ਮਾਂ `ਤੇ ਮੱਲ੍ਹਮ ਲਾਉਣ ਦਾ ਕੰਮ ਕਰੇ।

- Advertisement -

Share this Article
Leave a comment