ਇਲਾਹਾਬਾਦ : ਉੱਤਰ ਪ੍ਰਦੇਸ਼ ਸਰਕਾਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਸੂਬੇ ਦੇ ਜੇਲ ਵਿਭਾਗ ਦੀ ਨਾਲਾਇਕੀ ਸਾਹਮਣੇ ਆਈ ਹੈ । ਖ਼ਬਰ ਗੈਂਗਸਟਰਾਂ ਨਾਲ ਸਬੰਧਤ ਹੈ, ਗੈਂਗਸਟਰਾਂ ਦੇ ਦੋ ਧੜਿਆਂ ਵਿਚਾਲੇ ਗੋਲੀਬਾਰੀ ਹੋਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਗੋਲੀਬਾਰੀ ਬਦਮਾਸ਼ਾਂ ਦੇ ਕਿਸੇ ਅੱਡੇ ਤੇ ਨਹੀਂ ਸਗੋਂ ਇੱਕ ਜੇਲ੍ਹ ‘ਚ ਹੋਈ ਹੈ। ਇਸ ਜੇਲ੍ਹ ਦੇ ਸੁਰੱਖਿਆ ਪ੍ਰਬੰਧ ਬੇਹੱਦ ਪੁਖ਼ਤਾ ਮੰਨੇ ਜਾਂਦੇ ਹਨ।
ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਦੀ ਜ਼ਿਲਾ ਜੇਲ ਵਿੱਚ ਕੈਦੀਆਂ ਦੇ ਦੋ ਧੜਿਆਂ ‘ਚ ਗੋਲੀਬਾਰੀ ਹੋਈ। ਇਸ ਘਟਨਾ ਵਿੱਚ ਪੱਛਮੀ ਯੂਪੀ ਦੇ ਗੈਂਗਸਟਰ ਅੰਸ਼ੂ ਦੀਕਸ਼ਿਤ ਨੇ ਮੁਖਤਿਆਰ ਅੰਸਾਰੀ ਦੇ ਖਾਸਮਖਾਸ ਮੇਰਾਜੂਦੀਨ ਅਤੇ ਮੁਕਿਮ ਕਾਲਾ ਨੂੰ ਗੋਲੀਆਂ ਮਾਰ ਕੇ ਮਾਰ ਸੁੱਟਿਆ। ਮੇਰਾਜ ਨੂੰ ਬਨਾਰਸ ਜੇਲ੍ਹ ਤੋਂ ਚਿੱਤਰਕੂਟ ਜੇਲ੍ਹ ਭੇਜਿਆ ਗਿਆ ਸੀ। ਜਦੋਂਕਿ ਮੁਕਿਮ ਕਾਲਾ ਨੂੰ ਸਹਾਰਨਪੁਰ ਜੇਲ੍ਹ ਤੋਂ ਇੱਥੇ ਲਿਆਂਦਾ ਗਿਆ ਸੀ।
ਜੇਲ੍ਹ ਅੰਦਰ ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ, ਪੁਲਿਸ ਫੋਰਸ ਨੂੰ ਸੱਦਿਆ ਗਿਆ। ਮੌਕੇ’ ਤੇ ਪਹੁੰਚੀ ਪੁਲਿਸ ਨੇ ਅੰਸ਼ੁਲ ਦੀਕਸ਼ਿਤ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਸਨੇ ਫਾਇਰਿੰਗ ਜਾਰੀ ਰੱਖੀ। ਬਾਅਦ ਵਿਚ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਅੰਸ਼ੂ ਵੀ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੇਰਾਜ ‘ਤੇ ਹੱਤਿਆ ਅਤੇ ਡਕੈਤੀ ਦੇ ਕਰੀਬ 35 ਮਾਮਲੇ ਦਰਜ ਸਨ।
ਉਧਰ ਡਿਪਟੀ ਇੰਸਪੈਕਟਰ ਜਨਰਲ ਪੀ.ਐਨ. ਪਾਂਡੇੇ (ਇੰਚਾਰਜ ਜੇਲ੍ਹ) ਇਲਾਹਾਬਾਦ ਰੇਂਜ, ਘਟਨਾ ਦੀ ਜਾਂਚ ਕਰਨ ਅਤੇ ਜੇਲ੍ਹ ਦਾ ਜਾਇਜ਼ਾ ਲੈਣ ਲਈ ਪੁੁੱਜੇ। ਪੁਲਿਸ ਵਲੋ ਜੇਲ੍ਹ ਵਿੱਚ ਭਾਲ ਕੀਤੀ ਜਾ ਰਹੀ ਹੈ ਕਿ ਅੰਦਰ ਕਿਤੇ ਹੋਰ ਹਥਿਆਰ ਤਾਂ ਨਹੀਂ। ਕੁਲੈਕਟਰ ਅਤੇ ਐਸਪੀ ਮੌਕੇ ‘ਤੇ ਮੌਜੂਦ ਹਨ। ਦੱਸਿਆ ਜਾ ਰਿਹਾ ਹੈੈ ਕਿ ਫਿਲਹਾਲ, ਜੇਲ੍ਹ ਵਿੱਚ ਸ਼ਾਂਤੀ ਅਤੇ ਸਥਿਤੀ ਕਾਬੂ ਹੇਠ ਹੈ।
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਮਾੜੇ ਪ੍ਰਬੰਧਾਂ ਕਾਰਨ ਲਗਾਤਾਰ ਸੁਰਖੀਆਂ ਵਿਚ ਹੈ। ਹੁਣ ਜ਼ਿਲਾ ਜੇਲ੍ਹ ਅੰਦਰ ਵਾਪਰੀ ਇਸ ਘਟਨਾ ਨਾਲ ਪੁਲਿਸ ਅਤੇ ਜੇਲ੍ਹ ਵਿਭਾਗ ਦੀ ਅਣਗਹਿਲੀ ਸਾਹਮਣੇ ਆਈ ਹੈ।