ਲੁਧਿਆਣਾ ਦੇ ਇੱਕ ਘਰ ‘ਚ ਰੱਖੇ ਪਟਾਕਿਆਂ ‘ਚ ਧਮਾਕਾ, ਬੱਚਿਆਂ ਸਣੇ ਲਗਭਗ 15 ਲੋਕ ਝੁਲਸੇ

Global Team
3 Min Read

ਲੁਧਿਆਣਾ: ਚੀਮਾ ਚੌਂਕ ਨੇੜੇ ਇੰਦਰਾ ਕਲੋਨੀ ਵਿੱਚ ਇੱਕ ਘਰ ਵਿੱਚ ਪਟਾਕਿਆਂ ਦੇ ਸਟੋਰ ਵਿੱਚ ਧਮਾਕਾ ਹੋ ਗਿਆ। ਸਥਾਨਕ ਲੋਕਾਂ ਮੁਤਾਬਕ, ਇਸ ਘਰ ਵਿੱਚ ਪਟਾਕੇ ਬਣਾਏ ਅਤੇ ਸਟੋਰ ਕੀਤੇ ਜਾ ਰਹੇ ਸਨ। ਬਾਰੂਦ ਨੂੰ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿੱਚ ਬੱਚਿਆਂ ਸਮੇਤ 15 ਲੋਕ ਝੁਲਸ ਗਏ। ਧਮਾਕੇ ਨਾਲ ਘਰ ਵਿੱਚ ਅੱਗ ਲੱਗੀ ਅਤੇ ਸਾਰਾ ਸਮਾਨ ਸੜ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਹੋਇਆ।

ਲੋਕਾਂ ਨੇ ਦੱਸਿਆ ਕਿ ਘਰ ਵਿੱਚ ਬਾਰੂਦ ਰੱਖਿਆ ਹੋਇਆ ਸੀ, ਜਿਸ ਨਾਲ ਪਟਾਕੇ ਬਣਾਏ ਜਾ ਰਹੇ ਸਨ ਅਤੇ ਅਗਲੇ ਸਾਲ ਦੀਵਾਲੀ ਲਈ ਸਟੋਰ ਕੀਤੇ ਜਾ ਰਹੇ ਸਨ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਗੁਆਂਢੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ।

ਹਾਦਸੇ ਵਿੱਚ ਗੁਆਂਢ ਵਿੱਚ ਰਹਿਣ ਵਾਲਾ ਇੱਕ ਲੜਕਾ ਵੀ ਝੁਲਸ ਗਿਆ। ਗੁਆਂਢੀ ਊਸ਼ਾ ਦੇਵੀ ਨੇ ਦੱਸਿਆ ਕਿ ਉਸ ਦਾ ਪੁੱਤਰ ਘਰ ਦੀ ਉੱਪਰਲੀ ਮੰਜ਼ਿਲ ’ਤੇ ਸੀ ਅਤੇ ਧਮਾਕੇ ਕਾਰਨ ਉਹ ਵੀ ਸੜ ਗਿਆ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਊਸ਼ਾ ਮੁਤਾਬਕ, ਇਹ ਘਰ ਵਿੱਚ ਪਟਾਕੇ ਅਤੇ ਰਾਵਣ ਦੇ ਪੁਤਲੇ ਬਣਾਏ ਜਾਂਦੇ ਸਨ, ਅਤੇ ਬਾਰੂਦ ਦਾ ਸਟੋਰ ਵੀ ਸੀ।

ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਅੱਗ ਬੁਝੀ

ਫਾਇਰ ਅਫਸਰ ਜਸ਼ਿਨ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਉਹ ਮੌਕੇ ’ਤੇ ਪਹੁੰਚੇ, ਅੱਗ ਬੁਝ ਚੁੱਕੀ ਸੀ। ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਬਿਲਡਿੰਗ ਵਿੱਚ ਪਟਾਕਿਆਂ ਦਾ ਸਟੋਰ ਸੀ, ਜਿੱਥੇ ਧਮਾਕਾ ਹੋਇਆ।

ਫੋਰੈਂਸਿਕ ਟੀਮ ਦੀ ਜਾਂਚ

ਫੋਰੈਂਸਿਕ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ ਹੈ ਅਤੇ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਟੀਮ ਬਾਰੂਦ ਦੇ ਨਮੂਨੇ ਇਕੱਠੇ ਕਰ ਰਹੀ ਹੈ। ਸਿਵਲ ਹਸਪਤਾਲ ਦੇ ਐਸਐਮਓ ਡਾ. ਅਖਿਲ ਸਰੀਨ ਨੇ ਦੱਸਿਆ ਕਿ ਅੱਠ ਮਰੀਜ਼ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਪੰਜ ਮਰੀਜ਼ਾਂ ਨੂੰ ਗੰਭੀਰ ਸੜਨ ਕਾਰਨ ਉੱਚ ਕੇਂਦਰ ਵਿੱਚ ਰੈਫਰ ਕੀਤਾ ਗਿਆ ਹੈ।

ਏਡੀਸੀਪੀ ਸਮੀਰ ਵਰਮਾ ਅਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਆਰੋਪੀ ਫਰਾਰ ਹੈ, ਪਰ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਮੁਤਾਬਕ, 10 ਤੋਂ 15 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Share This Article
Leave a Comment