ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਡਾ.ਸ਼ਰਨਜੀਤ ਕੌਰ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਡਾ ਸ਼ਰਨਜੀਤ ਕੌਰ ਦਾ ਦੇਹਾਂਤ ਹੋ ਗਿਆ। ਪਰਿਵਾਰਿਕ ਸੂਤਰਾਂ ਅਨੁਸਾਰ ਉਹ ਕੋਵਿਡ -19 ਤੋਂ ਪੀੜਤ ਸਨ ਤੇ ਬੀਤੇ ਸ਼ਨਿਚਰਵਾਰ ਨੂੰ ਅਕਾਲ ਚਲਾਣਾ ਕਰ ਗਏ। ਉਹ 81 ਸਾਲ ਦੇ ਸਨ।

ਡਾ ਸ਼ਰਨਜੀਤ ਕੌਰ ਨੇ ਆਪਣਾ ਕਰੀਅਰ ਪੰਜਾਬੀ ਅਧਿਆਪਕਾ ਵਜੋਂ ਸ਼ੁਰੂ ਕੀਤਾ। ਉਨ੍ਹਾਂ ਨੇ ਚੰਡੀਗੜ੍ਹ ਦੇ ਵੱਖ ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ। ਇਕ ਮੇਹਨਤੀ ਅਤੇ ਪ੍ਰਤਿਭਾਸ਼ਾਲੀ ਅਧਿਆਪਕਾ ਹੋਣ ਕਾਰਨ ਉਨ੍ਹਾਂ ਨੂੰ ਨੈਸ਼ਨਲ ਅਵਾਰਡ ਨਾਲ ਵੀ ਸਨਮਾਨਿਆ ਗਿਆ।

ਡਾ ਸ਼ਰਨਜੀਤ ਕੌਰ ਦਾ ਪੰਜਾਬੀ ਸਾਹਿਤ ਵਿਚ ਵੀ ਇਕ ਵੱਡਾ ਨਾਂ ਸੀ। ਉਹ ਦੇਸ਼ ਵਿਦੇਸ਼ ਵਿੱਚ ਵੱਖ ਵੱਖ ਮੀਟਿੰਗਾਂ ਅਤੇ ਸੈਮੀਨਾਰਾਂ ਵਿੱਚ ਪੰਜਾਬੀ ਭਾਸ਼ਾ ਦਾ ਝੰਡਾ ਬੁਲੰਦ ਕਰਦੀ ਰਹੀ। ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਕਾਰਜਕਾਰਨੀ ਦੀ ਲੰਮਾ ਸਮਾਂ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ, ਚੰਡੀਗੜ੍ਹ ਦੀ ਜਨਰਲ ਸਕੱਤਰ ਰਹੀ। ਡਾ ਸ਼ਰਨਜੀਤ ਕੌਰ ਨੇ ਪੰਜਾਬੀ ਸਾਹਿਤ ਦੀ ਝੋਲੀ ਦੋ ਦਰਜਨ ਤੋਂ ਵੱਧ ਕਹਾਣੀ ਸੰਗ੍ਰਿਹ, ਨਾਵਲ, ਬਾਲ ਸਾਹਿਤ ਅਤੇ ਆਲੋਚਨਾ ਦੀਆਂ ਕਿਤਾਬਾਂ ਪਾਈਆਂ। ਉਸ ਨੇ ਦੋ ਸੌ ਤੋਂ ਵੱਧ ਕਿਤਾਬਾਂ ਦੇ ਰਿਵੀਊ ਲਿਖੇ ਜੋ ਵੱਖ ਵੱਖ ਅਖਬਾਰਾਂ ਵਿੱਚ ਛਪੇ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਡਾ ਸ਼ਰਨਜੀਤ ਕੌਰ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 18 ਸਤੰਬਰ, 2020 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 19-ਡੀ, ਚੰਡੀਗੜ੍ਹ ਵਿਖੇ ਸਵੇਰੇ 10 ਤੋਂ 12 ਵਜੇ ਪਵੇਗਾ।

ਇਸੇ ਦੌਰਾਨ ਰਾਈਟਰਜ਼ ਕਲੱਬ ਚੰਡੀਗੜ੍ਹ ਦੇ ਕਨਵੀਨਰ ਬਲਵਿੰਦਰ ਸਿੰਘ ਅਤੇ ਸ਼ਾਮ ਸਿੰਘ, ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਸੰਚਾਲਕ ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ ਨੇ ਡਾ ਸ਼ਰਨਜੀਤ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਹੋਰ ਸਾਹਿਤਕਾਰਾਂ ਤੇ ਸਾਹਿਤ ਸਭਾਵਾਂ ਨੇ ਵੀ ਉਨ੍ਹਾਂ ਦੇ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।

- Advertisement -

Share this Article
Leave a comment