ਰੂਸ: ਸ਼ਹਿਰ ਸੇਂਟ ਪੀਟਰਸਬਰਗ ਦੇ ਸਭ ਤੋਂ ਵੱਡੇ ਬਾਜ਼ਾਰਾਂ ਵਿੱਚੋਂ ਇੱਕ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਬੀਤੀ ਸ਼ਾਮ ਵਾਪਰੀ ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜ਼ਿਕਰਯੋਗ ਹੈ ਕਿ ਅੱਗ ਲੱਗਦੇ ਹੀ ਕਈ ਜ਼ੋਰਦਾਰ ਧਮਾਕੇ ਵੀ ਸੁਣਾਈ ਦਿੱਤੇ। ਜਿਸ ਨਾਲ ਹਜ਼ਾਰਾਂ ਲੋਕ ਭੱਜ ਗਏ। ਬਾਜ਼ਾਰ ਵਿੱਚੋਂ ਕਾਲਾ ਧੂੰਆਂ ਉੱਠ ਰਿਹਾ ਸੀ, ਜੋ ਕਿ ਮੀਲਾਂ ਤੱਕ ਦਿਖਾਈ ਦੇ ਰਿਹਾ ਸੀ। ਜਾਣਕਾਰੀ ਦਿੰਦਿਆਂ ਰੂਸੀ ਐਮਰਜੈਂਸੀ ਮੰਤਰਾਲੇ ਦੇ ਦੱਸਿਆ ਕਿ ਅੱਗ ਨੇ ਲਗਭਗ 1,500 ਵਰਗ ਮੀਟਰ ਦੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇਮਾਰਤ ਦਾ ਬਹੁਤ ਸਾਰਾ ਹਿੱਸਾ ਤਬਾਹ ਹੋ ਗਿਆ। ਫਾਇਰਫਾਈਟਰਜ਼ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਦੱਸ ਦਈਏ ਮਲਬੇ ਹੇਠੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਇੱਕ ਹੋਰ ਵਿਅਕਤੀ ਨੂੰ ਦੋਵੇਂ ਲੱਤਾਂ ਵਿੱਚ ਫ੍ਰੈਕਚਰ ਹੋਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਸਟੋਰ ਕੀਤੇ ਕੁਝ ਜਲਣਸ਼ੀਲ ਪਦਾਰਥਾਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਬੁਝਾਉਣ ਲਈ ਲਗਭਗ 100 ਫਾਇਰਫਾਈਟਰ ਅਤੇ 26 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਹਵਾ ਵਿੱਚ ਖਤਰਨਾਕ ਰਸਾਇਣਾਂ ਦੀ ਜਾਂਚ ਲਈ ਇੱਕ ਮੋਬਾਈਲ ਲੈਬ ਵੀ ਤਾਇਨਾਤ ਕੀਤੀ ਗਈ ਸੀ।
ਜਾਂਚ ਕਮੇਟੀ ਨੇ ਇਸ ਸਵਾਲ ‘ਤੇ ਸੁਰੱਖਿਆ ਮਾਪਦੰਡਾਂ ਦੀ ਲਾਪਰਵਾਹੀ ਦਾ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਕਿ ਮਾਰਕੀਟ ਦਾ ਫਾਇਰ ਅਲਾਰਮ ਸਿਸਟਮ ਕੰਮ ਕਿਉਂ ਨਹੀਂ ਕਰਦਾ ਸੀ। ਦੱਸਣਯੋਗ ਹੈ ਕਿ ਨੇਵਸਕੀ ਮਾਰਕੀਟ ਸੇਂਟ ਪੀਟਰਸਬਰਗ ਦਾ ਸਭ ਤੋਂ ਵਿਅਸਤ ਬਾਜ਼ਾਰ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਖਰੀਦਦਾਰ ਆਉਂਦੇ ਹਨ। ਫਿਲਹਾਲ ਬਾਜ਼ਾਰ ਵਿੱਚ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

