ਪ੍ਰਧਾਨ ਮੰਤਰੀ ਮੋਦੀ ਦੀ AI ਵੀਡੀਓ ‘ਤੇ META ਇੰਡੀਆ ਹੈੱਡ ਖ਼ਿਲਾਫ਼ ਐੱਫ.ਆਈ.ਆਰ. ਦਰਜ

Global Team
3 Min Read

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਸੋਸ਼ਲ ਮੀਡੀਆ ‘ਤੇ ਅਪਮਾਨਜਨਕ ਪੋਸਟਾਂ ਪਾਉਣ ਵਾਲਿਆਂ ਖ਼ਿਲਾਫ਼ ਪੁਲਿਸ ਕਾਰਵਾਈ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਏ.ਆਈ. ਦੁਆਰਾ ਤਿਆਰ ਕੀਤੀਆਂ ਗਈਆਂ ਮਾਰਫ਼ਡ ਵੀਡੀਓਜ਼ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਜਾਣ ਦੇ ਮਾਮਲੇ ਵਿੱਚ ਹੈਦਰਾਬਾਦ ਸਾਈਬਰ ਕ੍ਰਾਈਮ ਪੁਲਿਸ ਨੇ ਮੈਟਾ ਇੰਡੀਆ ਦੇ ਹੈੱਡ ਅਰੁਣ ਸ੍ਰੀਨਿਵਾਸ ਅਤੇ ਕਈ ਸੋਸ਼ਲ ਮੀਡੀਆ ਵਰਤੋਂਕਾਰਾਂ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕੀਤੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਵੀਡੀਓਜ਼ ਕਿੱਥੋਂ ਸ਼ੁਰੂ ਹੋਈਆਂ ਅਤੇ ਕੀ ਇਹਨਾਂ ਨਾਲ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਸੀ।

ਹੈਦਰਾਬਾਦ ਸਾਈਬਰ ਕ੍ਰਾਈਮ ਪੁਲਿਸ ਨੇ ਦੋ ਮਾਮਲੇ ਦਰਜ ਕੀਤੇ ਹਨ। ਇਹਨਾਂ ‘ਤੇ ਦੋਸ਼ ਹੈ ਕਿ ਇਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮਾਰਫ਼ਡ (ਐਡਿਟ) ਅਤੇ ਅਪਮਾਨਜਨਕ ਵੀਡੀਓਜ਼ ਤੇ ਤਸਵੀਰਾਂ ਫੈਲਾਉਣ ਦੀ ਇਜਾਜ਼ਤ ਦਿੱਤੀ। ਫਿਲਹਾਲ ਦੋ ਮਾਮਲੇ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਹਿਲੇ ਮਾਮਲੇ ਵਿੱਚ ਦੋਸ਼ ਲਾਇਆ ਗਿਆ ਕਿ ਇੰਸਟਾਗ੍ਰਾਮ ਬ੍ਰਾਊਜ਼ ਕਰਦੇ ਸਮੇਂ ਉਨ੍ਹਾਂ ਨੂੰ ਕਈ ਅਜਿਹੀਆਂ ਮਾਰਫ਼ਡ ਅਤੇ ਡਿਜੀਟਲ ਰੂਪ ਵਿੱਚ ਬਦਲੀਆਂ ਗਈਆਂ ਵੀਡੀਓਜ਼ ਤੇ ਤਸਵੀਰਾਂ ਮਿਲੀਆਂ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨੂੰ ਅਸ਼ਲੀਲ, ਅਪਮਾਨਜਨਕ ਅਤੇ ਗੁੰਮਰਾਹਕੁੰਨ ਤਰੀਕੇ ਨਾਲ ਦਿਖਾਇਆ ਗਿਆ ਸੀ।

ਉਨ੍ਹਾਂ ਦੀ ਸ਼ਿਕਾਇਤ ਮੁਤਾਬਕ, ਇਸ ਕੰਟੈਂਟ ਵਿੱਚ ਧਰਮੇਂਦਰ ਪ੍ਰਧਾਨ ਦੇ ਨਾਲ ਮੋਦੀ ਨੂੰ ਅਸ਼ਲੀਲ ਤਰੀਕੇ ਨਾਲ ਦਿਖਾਉਣ ਵਾਲੇ ਬਦਲੇ ਹੋਏ ਵਿਜ਼ੁਅਲਸ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਐਡਿਟ ਕੀਤੀ ਗਈ ਤਸਵੀਰ ਸ਼ਾਮਲ ਸੀ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਅਜਿਹਾ ਲਗਦਾ ਹੈ ਕਿ ਇਸ ਕੰਟੈਂਟ ਨੂੰ ਡਿਜੀਟਲ ਰੂਪ ਵਿੱਚ ਬਦਲਿਆ ਗਿਆ ਸੀ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਕੇ ਬਣਾਇਆ ਗਿਆ ਸੀ ਅਤੇ ਸੋਸ਼ਲ ਮੀਡੀਆ ‘ਤੇ ਫੈਲਾਇਆ ਗਿਆ ਸੀ।

ਦੋਸ਼ ਲਾਇਆ ਗਿਆ ਕਿ ਅਜਿਹੀਆਂ ਪੋਸਟਾਂ ਜਨਤਾ ਨੂੰ ਗੁੰਮਰਾਹ ਕਰ ਸਕਦੀਆਂ ਹਨ, ਗਲਤ ਜਾਣਕਾਰੀ ਫੈਲਾ ਸਕਦੀਆਂ ਹਨ, ਨਫ਼ਰਤ ਜਾਂ ਜਨਤਕ ਅਸ਼ਾਂਤੀ ਭੜਕਾ ਸਕਦੀਆਂ ਹਨ। ਜਨਤਕ ਸ਼ਾਲੀਨਤਾ ਨੂੰ ਠੇਸ ਪਹੁੰਚਾ ਸਕਦੀਆਂ ਹਨ, ਜਨਤਕ ਸ਼ਖ਼ਸੀਅਤਾਂ ਦੀ ਬਦਨਾਮੀ ਕਰ ਸਕਦੀਆਂ ਹਨ, ਕਾਨੂੰਨ-ਵਿਵਸਥਾ ਵਿਗਾੜ ਸਕਦੀਆਂ ਹਨ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵਿਚਾਲੇ ਦੁਸ਼ਮਣੀ ਵਧਾ ਸਕਦੀਆਂ ਹਨ।

ਉੱਥੇ ਹੀ ਦੂਜੇ ਮਾਮਲੇ ਵਿੱਚ, ਤੇਲੰਗਾਨਾ ਭਾਜਪਾ ਕਰਮਚਾਰੀ ਅਤੇ ਸੋਸ਼ਲ ਮੀਡੀਆ CC ਮੈਂਬਰ ਟੀ. ਸਾਈਕਿਰਨ ਗੌੜ ਨੇ ਦੋਸ਼ ਲਾਇਆ ਕਿ ਬੁੱਧਵਾਰ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਉਨ੍ਹਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਇਤਰਾਜ਼ਯੋਗ ਰੀਲਾਂ ਅਤੇ ਮਾਰਫ਼ ਕੀਤੀਆਂ ਗਈਆਂ ਤਸਵੀਰਾਂ ਮਿਲੀਆਂ। ਸਾਈਂ ਕਿਰਨ ਨੇ ਉਨ੍ਹਾਂ ਅਕਾਊਂਟਾਂ ਦੀ ਜਾਂਚ ਦੀ ਮੰਗ ਕੀਤੀ ਹੈ ਜੋ ਕਥਿਤ ਤੌਰ ‘ਤੇ ਅਜਿਹਾ ਕੰਟੈਂਟ ਪਬਲਿਸ਼ ਕਰ ਰਹੇ ਹਨ ਜੋ “ਭਾਰਤ ਦੀ ਅਖੰਡਤਾ, ਪ੍ਰਭੂਸੱਤਾ ਅਤੇ ਜਨਤਕ ਵਿਵਸਥਾ ਲਈ ਨੁਕਸਾਨਦੇਹ” ਹੈ।

ਪੁਲਿਸ ਦੀ ਹੁਣ ਤੱਕ ਹੋਈ ਜਾਂਚ ਮੁਤਾਬਕ ਇਹਨਾਂ ਵਿੱਚੋਂ ਜ਼ਿਆਦਾਤਰ ਵੀਡੀਓਜ਼ ਜਾਂ ਤਾਂ ਡਿਲੀਟ ਕਰ ਦਿੱਤੀਆਂ ਗਈਆਂ ਹਨ ਜਾਂ ਫਿਰ ਭਾਰਤ ਵਿੱਚ ਉਨ੍ਹਾਂ ਨੂੰ ਦੇਖਿਆ ਨਹੀਂ ਜਾ ਸਕਦਾ। ਜਾਂਚ ਅਧਿਕਾਰੀ ਬੀ.ਐੱਨ.ਐੱਸ. (BNS) ਅਤੇ ਆਈ.ਟੀ. (IT) ਐਕਟ ਦੇ ਤਹਿਤ ਸੰਭਾਵੀ ਉਲੰਘਣਾਵਾਂ ਦੀ ਸਮੀਖਿਆ ਕਰ ਰਹੇ ਹਨ। ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ ਅਤੇ ਫਿਲਹਾਲ ਕੋਈ ਅੰਤਿਮ ਨਤੀਜਾ ਨਹੀਂ ਕੱਢਿਆ ਗਿਆ ਹੈ।

Share This Article
Leave a Comment