ਚੰਡੀਗੜ੍ਹ :ਪੰਜਾਬ ਅੰਦਰ ਚੱਲ ਰਹੇ ਲੜੀਵਾਰ ਨਾਟਕ “ਰਾਮ ਸੀਤਾ ਦੇ ਲਵ ਕੁਸ਼” ਦਾ ਵਿਰੋਧ ਹੋਣ ਤੋਂ ਬਾਅਦ ਹੁਣ ਇਸ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ। ਫਿਰੋਜ਼ਪੁਰ ਦੀ ਥਾਣਾ ਸਿਟੀ ਪੁਲਿਸ ਨੇ ਬੀਤੀ ਕੱਲ੍ਹ ਟੀਵੀ ਚੈਨਲ ਕਲਰਜ਼ ਦੇ ਐਮਡੀ, ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਸਿਧਾਰਥ ਤਿਵਾਰੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਸ਼ਾਮ ਲਾਲ ਸੁੰਦਰ ਨਿਵਾਸੀ ਭਾਰਤ ਨਗਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਸ਼ਾਮ ਲਾਲ ਨੇ ਕਿਹਾ ਕਿ ਟੀਵੀ ਚੈਨਲ ‘ਤੇ ਇਨ੍ਹੀਂ ਦਿਨੀਂ ਇਹ ਪ੍ਰੋਗਰਾਮ ਪ੍ਰਸਾਰਿਤ ਹੋ ਰਿਹਾ ਹੈ ਅਤੇ ਇਸ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਵਾਲਮੀਕ ਦੇ ਚਰਿੱਤਰ ਸਬੰਧੀ ਗਲਤ ਗੱਲਾਂ ਪੇਸ਼ ਕਰ ਰਹੇ ਹਨ। ਸ਼ਾਮ ਲਾਲ ਅਨੁਸਾਰ ਅਜਿਹਾ ਕਰਕੇ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਿਸ ਨਾਲ ਵਾਲਮੀਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਕਰਕੇ ਬੀਤੇ ਦਿਨੀਂ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀ ਅਤੇ ਇੱਥੇ ਹੀ ਬੱਸ ਨਹੀਂ ਵਾਲਮੀਕ ਭਾਈਚਾਰੇ ਵੱਲੋਂ ਕਈ ਥਾਂਈ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨਕੋਦਰ ‘ਚ ਤਾਂ ਇੱਕ ਜਗ੍ਹਾ ਪ੍ਰਦਰਸ਼ਨਕਾਰੀਆਂ ਵੱਲੋਂ ਦੁਕਾਨ ਬੰਦ ਕਰਵਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਵੀ ਚੱਲ ਗਈ ਸੀ ਜਿਸ ਦੌਰਾਨ ਗੋਪੀ ਨਾਮਕ ਇੱਕ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਇਆ ਸੀ। ਇਸ ਤੋਂ ਬਾਅਦ ਗੋਲੀ ਚਲਾਉਣ ਵਾਲੇ ਦੁਕਾਨਦਾਰ ‘ਤੇ ਪਰਚਾ ਵੀ ਦਰਜ ਕੀਤਾ ਗਿਆ ਸੀ।