ਚੰਡੀਗੜ੍ਹ: ਪੰਜਾਬੀ ਕਾਮੇਡੀਅਨ ਡਾ.ਜਸਵਿੰਦਰ ਭੱਲਾ ਦੀ ਯਾਦ ‘ਚ ਅੱਜ ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਅੰਤਿਮ ਅਰਦਾਸ ਹੋਈ। ਇਸ ਦੌਰਾਨ ਮੋਹਾਲੀ ਦੇ ਫੋਰਟਿਸ ਚੌਕ ਦਾ ਨਾਂ ਜਸਵਿੰਦਰ ਭੱਲਾ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ ਰੱਖਿਆ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭੱਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣਾ ਸ਼ੋਕ ਸੰਦੇਸ਼ ਭੇਜਿਆ। ਆਪਣੇ ਪਿਤਾ ਨੂੰ ਯਾਦ ਕਰਦਿਆਂ ਭੱਲਾ ਦੀ ਧੀ ਅਸ਼ਪ੍ਰੀਤ ਨੇ ਕਿਹਾ, “ਪਾਪਾ, ਤੁਸੀਂ ਮੇਰੀ ਤਾਕਤ ਸੀ।”
ਪੰਜਾਬੀ ਫਿਲਮ ਅਦਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਡਾਇਰੈਕਟਰ ਸਮੀਪ ਕੰਗ, ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਕਈ ਨਾਮਵਰ ਸ਼ਖਸੀਅਤਾਂ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਨਾਲ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬ ਫਿਲਮ ਸੈਂਸਰ ਬੋਰਡ ਦੇ ਸੇਵਾਮੁਕਤ ਮੈਂਬਰ ਆਰ.ਆਰ. ਗਿੱਲ ਨੇ ਭੱਲਾ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ।
ਭੋਗ ਅਤੇ ਅੰਤਿਮ ਅਰਦਾਸ ਤੋਂ ਬਾਅਦ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਦੇ ਸਿਰ ’ਤੇ ਸਿੰਘ ਸਾਹਿਬਾਨ ਨੇ ਪੱਗ ਸਜਾਈ।
ਫੋਰਟਿਸ ਹਸਪਤਾਲ ਵਾਲੇ ਚੌਕ ਦਾ ਨਾਂ ਭੱਲਾ ਦੇ ਨਾਂ ’ਤੇ ਰੱਖਿਆ ਜਾਵੇਗਾ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਨੇੜੇ ਸਥਿਤ ਚੌਕ ਦਾ ਨਾਂ ਜਸਵਿੰਦਰ ਭੱਲਾ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ ਪਾਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਸਤਾਵ ਉਨ੍ਹਾਂ ਦੇ ਛੋਟੇ ਭਰਾ ਅਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਵਿੱਚ ਪਾਸ ਹੋਇਆ। ਆਉਣ ਵਾਲੇ ਦਿਨਾਂ ਵਿੱਚ ਇਸ ਚੌਕ ਦਾ ਨਾਂ ਅਧਿਕਾਰਤ ਤੌਰ ’ਤੇ ਰੱਖ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਸੰਭਵ ਹੋਇਆ ਤਾਂ ਇੱਥੇ ਭੱਲਾ ਸਾਹਿਬ ਦੀ ਮੂਰਤੀ ਵੀ ਲਗਾਈ ਜਾ ਸਕਦੀ ਹੈ।
ਆਰ.ਆਰ. ਗਿੱਲ ਨੇ ਕਿਹਾ ਕਿ ਟੀ.ਵੀ. ਸੀਰੀਅਲ ਅਤੇ ਕਾਮੇਡੀ ਸੀਰੀਅਲ ਸਰਟੀਫਿਕੇਸ਼ਨ ਲਈ ਉਨ੍ਹਾਂ ਕੋਲ ਆਉਂਦੇ ਸਨ। ਭੱਲਾ ਜੀ ਦੇ ਸੀਰੀਅਲਾਂ ਨੂੰ ਉਹ ਇੱਕ ਮਿੰਟ ਵਿੱਚ ਸਾਈਨ ਕਰਕੇ ਪਾਸ ਕਰ ਦਿੰਦੇ ਸਨ, ਕਿਉਂਕਿ ਭੱਲਾ ਨੇ ਸਾਫ-ਸੁਥਰੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਦਾ ਕੰਮ ਕੀਤਾ।
ਭੱਲਾ ਦਾ 22 ਅਗਸਤ ਨੂੰ ਸਵੇਰੇ 65 ਸਾਲ ਦੀ ਉਮਰ ਵਿੱਚ ਬ੍ਰੇਨ ਸਟ੍ਰੋਕ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਕਸਬੇ ਵਿੱਚ ਹੋਇਆ ਸੀ। ਡਾ.ਭੱਲਾ ਦੇ ਦੇਹਾਂਤ ’ਤੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਵੱਡੀਆਂ ਸ਼ਖਸੀਅਤਾਂ ਦੇ ਨਾਲ-ਨਾਲ ਸਿਆਸਤ ਅਤੇ ਸਮਾਜ ਨਾਲ ਜੁੜੀਆਂ ਨਾਮਵਰ ਸ਼ਖਸੀਅਤਾਂ ਨੇ ਵੀ ਸ਼ਰਧਾਂਜਲੀ ਦਿੱਤੀ ਸੀ।