ਪਿੰਡ ਦੇਸੂ ਜੋਧਾ ਤੋਂ ਬਾਅਦ ਵਈਪੁਈ ਵਿਖੇ ਨਸ਼ਾ ਤਸਕਰਾਂ ਅਤੇ ਪੰਜਾਬ ਪੁਲਿਸ ਵਿਚਕਾਰ ਝੜੱਪ

TeamGlobalPunjab
2 Min Read

ਤਰਨ ਤਾਰਨ : ਇੰਨੀ ਦਿਨੀਂ ਨਸ਼ਾ ਤਸਕਰਾਂ ਦੇ ਹੌਂਸਲੇ ਕੁਝ ਜਿਆਦਾ ਹੀ ਬੁਲੰਦ ਹੋਏ ਦਿਖਾਈ ਦੇ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਸਰਹੱਦ ‘ਤੇ ਪੈਂਦੇ ਪਿੰਡ ਦੇਸੂ ਜੋਧਾ ਤੋਂ ਬਾਅਦ ਹੁਣ ਤਰਨ ਤਾਰਨ ਦੇ ਪਿੰਡ ਵਈਪੁਈ ਵਿੱਚ ਵੀ ਨਸ਼ਾ ਤਸਕਰਾਂ ਅਤੇ ਪੁਲਿਸ ਪਾਰਟੀ ਵਿੱਚ ਝੜੱਪ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਚੌਂਕੀ ਫਤਿਆਬਾਦ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਰੇਡ ਕੀਤੀ ਗਈ ਸੀ ਅਤੇ ਜਦੋਂ ਇੱਥੇ ਪੁਲਿਸ ਵੱਲੋਂ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕੁਝ ਲੋਕਾਂ ਨੇ ਪੁਲਿਸ ਪਾਰਟੀ ‘ਤੇ ਹੀ ਹਮਲਾ ਕਰ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਤਿਆਬਾਦ ਚੌਂਕੀ ਦੇ ਇੰਚਾਰਜ ਇਕਬਾਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਪਿੰਡ ਵਈਪੁਈ ਵਿਖੇ ਨਸ਼ਾ ਤਸਕਰੀ ਨਾਲ ਜੁੜੇ ਅਨਸਰਾਂ ਖਿਲਾਫ ਛਾਪੇਮਾਰੀ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਉਨ੍ਹਾਂ ਨੇ ਇੱਕ ਵਿਅਕਤੀ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਅਤੇ ਜਦੋਂ ਇੱਕ ਹੋਰ ਵਿਅਕਤੀ ਕੋਲ ਵੀ ਨਸ਼ਾ ਹੋਣ ਦੇ ਸ਼ੱਕ ਨਾਲ ਉਸ ਦੀ ਤਲਾਸ਼ੀ ਲੈਣ ਲੱਗੇ ਤਾਂ ਕੁਝ ਲੋਕਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਦਿਆਂ ਮੁਲਜਮ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ ਦੀ ਖਿੱਚ ਧੂਹ ਕੀਤੀ ਜਿਸ ਦੌਰਾਨ ਕੁਝ ਪੁਲਿਸ ਮੁਲਾਜ਼ਮਾਂ ਦੀ ਵਰਦੀ  ਤਕ ਪਾਟ ਗਈ।

ਥਾਣਾ ਮੁੱਖੀ ਨੇ ਦਾਅਵਾ ਕੀਤਾ ਕਿ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਕਾਰਵਾਈ ਵਿੱਚ ਵਿਘਨ ਪਾਉਣ ਅਤੇ ਪੁਲਿਸ ਕਰਮੀਆਂ ਦੀ ਖਿੱਚ ਧੂਹ ਕਰਨ ਅਤੇ ਪੁਲਿਸ ਮੁਲਾਜ਼ਮਾਂ ਦੀ ਵਰਦੀ ਪਾੜਨ ਦੇ ਮਾਮਲੇ ਵਿੱਚ ਇਸ ਵਿਅਕਤੀ ਤੋਂ ਇਲਾਵਾ ਕਈ ਹੋਰ ਵਿਅਕਤੀਆਂ ਖਿਲਾਫ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ।

Share this Article
Leave a comment