ਫਰਿਜ਼ਨੋ (ਕੈਲੀਫੋਰਨੀਆ)( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ) : ਅਮਰੀਕੀ ਏਜੰਸੀ ਐੱਫ ਬੀ ਆਈ ਦੁਆਰਾ ਸੋਮਵਾਰ ਨੂੰ ਜਾਰੀ ਕੀਤੀ ਸਾਲਾਨਾ ਕਰਾਈਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਵਿੱਚ ਹੁੰਦੇ ਕਤਲਾਂ ਦੀ ਸੰਖਿਆ ਪਿਛਲੇ ਸਾਲ 2020 ‘ਚ ਲਗਭਗ 30% ਵਧੀ ਹੈ।
ਰਿਪੋਰਟ ਅਨੁਸਾਰ, 2020 ਵਿੱਚ ਕਤਲ ਅਤੇ ਗੈਰ-ਲਾਪਰਵਾਹੀ ਨਾਲ ਹੋਏ ਕਤਲਾਂ ਦੇ ਅਪਰਾਧਾਂ ਵਿੱਚ 29.4 ਪ੍ਰਤੀਸ਼ਤ ਦਾ ਵਾਧਾ ਹੋਇਆ , ਜੋ ਕਿ 1960 ਦੇ ਦਹਾਕੇ ਵਿੱਚ ਰਾਸ਼ਟਰੀ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਦੀ ਸਭ ਤੋਂ ਵੱਡੀ ਸਾਲਾਨਾ ਵਾਧਾ ਦਰ ਹੈ।
ਐੱਫ ਬੀ ਆਈ ਅਨੁਸਾਰ ਸਮੁੱਚੇ ਤੌਰ ‘ਤੇ ਹਿੰਸਕ ਅਪਰਾਧ 5.6% ਵਧ ਕੇ ਲਗਭਗ 1.3 ਮਿਲੀਅਨ ਘਟਨਾਵਾਂ ਤੱਕ ਪਹੁੰਚ ਗਏ ਹਨ, ਹਾਲਾਂਕਿ ਜਾਇਦਾਦ ਸਬੰਧੀ ਅਪਰਾਧ 7.8% ਘੱਟ ਕੇ ਲਗਭਗ 6.5 ਮਿਲੀਅਨ ਘਟਨਾਵਾਂ ‘ਤੇ ਆ ਗਏ ਹਨ। ਇਸ ਤਰ੍ਹਾਂ ਦੇ ਅੰਕੜੇ ਪ੍ਰਾਪਤ ਕਰਨ ਲਈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ ਬੀ ਆਈ) ਦਾ ਯੂਨੀਫਾਰਮ ਕ੍ਰਾਈਮ ਰਿਪੋਰਟਿੰਗ (ਯੂ ਸੀ ਆਰ) ਪ੍ਰੋਗਰਾਮ ਦੇਸ਼ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਰਿਪੋਰਟ ਕੀਤੇ ਗਏ ਡੇਟਾ ਨੂੰ ਇਕੱਤਰ ਕਰਦਾ ਹੈ। ਇਹਨਾਂ ਕਤਲਾਂ ਵਿੱਚ ਜਿਆਦਾਤਰ ਬੰਦੂਕ ਦੀ ਵਰਤੋਂ ਨਾਲ ਸਬੰਧਿਤ ਹਨ। ਰਿਪੋਰਟ ਅਨੁਸਾਰ, 2020 ਵਿੱਚ ਬੰਦੂਕ ਦੀ ਵਰਤੋਂ ਨਾਲ 76% ਕਤਲ ਦਰਜ ਹੋਏ ਹਨ ਜਦਕਿ 2019 ਵਿੱਚ ਇਹ ਗਿਣਤੀ 73% ਸੀ।